ਰਾਮਪੁਰਾ ਫੂਲ ਵਿਖੇ ਫੂਕਿਆ ਸੂਬਾ ਸਰਕਾਰ ਦਾ ਪੁਤਲਾ
ਰਾਮਪੁਰਾ ਫੂਲ ’ਚ ਮਾਨ ਸਰਕਾਰ ਖ਼ਿਲਾਫ਼ ਪੁਤਲਾ ਫ਼ੂਕਿਆ
Publish Date: Mon, 30 Mar 2026 05:33 PM (IST)
Updated Date: Tue, 31 Mar 2026 04:07 AM (IST)
-2 ਅਪ੍ਰੈਲ ਨੂੰ ਪੰਜਾਬ ਭਰ ’ਚ ਕੀਤਾ ਜਾਵੇਗਾ ਰੋਸ ਮੁਜ਼ਾਹਰਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਪਿੰਡ ਹਰੀ ਨੌ (ਫਰੀਦਕੋਟ) ਦੇ ਦੋ ਸਕੇ ਭਰਾਵਾਂ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਲੈਂਡ ਮੋਰਗੇਜ ਬੈਂਕ ਦੇ ਮੈਨੇਜਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸੰਘਰਸ਼ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਤਹਿਤ 30 ਮਾਰਚ ਨੂੰ ਲੈਂਡ ਮੋਰਗੇਜ ਬੈਂਕ ਰਾਮਪੁਰਾ ਫੂਲ ਅੱਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕੇ ਗਏ। ਯੂਨੀਅਨ ਦੀ ਆਗੂ ਬੀਬੀ ਅਮਰਜੀਤ ਕੌਰ ਮੰਡੀ ਕਲਾ ਨੇ ਦੋਸ਼ ਲਗਾਇਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਐਮਐਸਪੀ ‘ਤੇ ਗਾਰੰਟੀ ਕਾਨੂੰਨ ਦੀ ਗ਼ੈਰ-ਹਾਜ਼ਰੀ ਕਾਰਨ ਕਿਸਾਨ ਆਪਣੀ ਫਸਲ ਘੱਟ ਭਾਅ ‘ਤੇ ਵੇਚਣ ਲਈ ਮਜਬੂਰ ਹਨ, ਜਿਸ ਨਾਲ ਕਰਜ਼ੇ ਦਾ ਬੋਝ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਕਰਜ਼ੇ ਹੇਠਾਂ ਆਏ ਕਿਸਾਨਾਂ ਦੀਆਂ ਜਮੀਨਾਂ ਕੁਰਕੀ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ, ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਡਾ. ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ, ਤਾਂ ਕਿਸਾਨ ਨਾ ਤਾਂ ਕਰਜ਼ੇ ਵਿੱਚ ਫਸਣਗੇ ਅਤੇ ਨਾ ਹੀ ਖੁਦਕੁਸ਼ੀਆਂ ਵਰਗੇ ਕਦਮ ਚੁੱਕਣ ਲਈ ਮਜਬੂਰ ਹੋਣਗੇ। ਆਗੂਆਂ ਨੇ ਦਾਅਵਾ ਕੀਤਾ ਕਿ ਹਰੀ ਨੌ ਦੇ ਪੀੜਤ ਕਿਸਾਨ ਭਰਾਵਾਂ ਦੀ ਮੌਤ ਲਈ ਬੈਂਕ ਪ੍ਰਸ਼ਾਸਨ ਅਤੇ ਸਰਕਾਰੀ ਨੀਤੀਆਂ ਜ਼ਿੰਮੇਵਾਰ ਹਨ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਬੈਂਕ ਮੈਨੇਜਰ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇ ਅਤੇ ਜਮੀਨ ਕੁਰਕੀ ਦੇ ਹੁਕਮ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਐਲਾਨ ਕੀਤਾ ਕਿ 2 ਅਪ੍ਰੈਲ ਨੂੰ ਪੰਜਾਬ ਭਰ ਵਿਚ ਲੈਂਡ ਮੋਰਗੇਜ ਬੈਂਕਾਂ ਅੱਗੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।