2027 ’ਚ ਸਰਕਾਰ ਬਣੀ ਤਾਂ ਸਫ਼ਾਈ ਕੰਮ ਦਾ ਹੋਵੇਗਾ ਮਸ਼ੀਨੀਕਰਨ : ਭਾਈਰੂਪਾ
2027 ਵਿਚ ਸਰਕਾਰ ਬਣੀ ਤਾਂ ਸਫ਼ਾਈ ਕੰਮਾਂ ਦਾ ਹੋਵੇਗਾ ਮਸ਼ੀਨੀਕਰਨ: ਮੱਖਣ ਸਿੰਘ ਭਾਈਰੂਪਾ
Publish Date: Sun, 29 Mar 2026 05:05 PM (IST)
Updated Date: Mon, 30 Mar 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੱਖਣ ਸਿੰਘ ਭਾਈਰੂਪਾ ਨੇ ਕਿਹਾ ਕਿ 2027 ਵਿਚ ਪਾਰਟੀ ਦੀ ਸਰਕਾਰ ਬਣਨ ਉਪਰੰਤ ਸਫ਼ਾਈ ਕਰਮਚਾਰੀਆਂ ਵੱਲੋਂ ਕੀਤਾ ਜਾਂਦਾ ਹੱਥੀਂ ਕੰਮ ਪੂਰੀ ਤਰ੍ਹਾਂ ਬੰਦ ਕਰਕੇ ਸਾਰੇ ਕੰਮਾਂ ਦਾ ਮਸ਼ੀਨੀਕਰਨ ਕੀਤਾ ਜਾਵੇਗਾ। ਸਫ਼ਾਈ ਮੁਲਾਜ਼ਮਾਂ ਨੂੰ ਆਧੁਨਿਕ ਆਟੋਮੈਟਿਕ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ ਤੇ ਉਨ੍ਹਾਂ ਦੀਆਂ ਨੌਕਰੀਆਂ ਨੂੰ ਟੈਕਨੀਕਲ ਦਰਜਾ ਦਿੱਤਾ ਜਾਵੇਗਾ, ਤਾਂ ਜੋ ਉਨ੍ਹਾਂ ਨੂੰ ਪ੍ਰਮੋਸ਼ਨ ਦੇ ਮੌਕੇ ਮਿਲ ਸਕਣ। ਨਾਲ ਹੀ ਉਨ੍ਹਾਂ ਦੇ ਤਨਖਾਹ ਸਕੇਲਾਂ ਵਿਚ ਵੀ ਸੋਧ ਕਰਕੇ ਉਨ੍ਹਾਂ ਦੀ ਆਰਥਿਕ ਹਾਲਤ ਸੁਧਾਰਨ ‘ਤੇ ਜ਼ੋਰ ਦਿੱਤਾ ਜਾਵੇਗਾ। ਅਧਿਕਾਰ ਸੰਘਰਸ਼ ਪਾਰਟੀ ਦੀ ਸਰਕਾਰ ਬਣਨ ’ਤੇ ਆਰਥਿਕ ਤੌਰ ’ਤੇ ਪੱਛੜੀਆਂ 8ਵੀਂ, 10ਵੀਂ ਅਤੇ 12ਵੀਂ ਪਾਸ ਮਹਿਲਾਵਾਂ ਨੂੰ ਹਰ ਸਾਲ ਇਕ ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਇਹ ਭਰਤੀਆਂ ਉਨ੍ਹਾਂ ਦੇ ਆਪਣੇ ਜ਼ਿਲ੍ਹਿਆਂ ਵਿਚ ਹੀ ਕੀਤੀਆਂ ਜਾਣਗੀਆਂ। 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ “ਸਭ ਲਈ ਬਰਾਬਰ ਮੌਕੇ” ਦੇ ਸਿਧਾਂਤ ਅਧੀਨ ਕਰੀਬ 40 ਮਹਿਲਾਵਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਪਾਰਟੀ ਵੱਲੋਂ ਪਹਿਲੇ ਪੜਾਅ ਵਿਚ ਹੀ ਕਈ ਹਲਕਿਆਂ ਵਿਚ ਮਹਿਲਾ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ ਹੈ ਤੇ ਚੋਣ ਤਿਆਰੀਆਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਣਦੇ ਹੀ ਪਿੱਛੜੀਆਂ ਜਾਤੀਆਂ ਲਈ ਮੰਡਲ ਕਮਿਸ਼ਨ ਰਿਪੋਰਟ ਤੇ ਮੁਸਲਿਮ ਭਾਈਚਾਰੇ ਲਈ ਸੱਚਰ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ 85ਵੀਂ ਸੰਵਿਧਾਨਕ ਸੋਧ ਨੂੰ ਵੀ ਲਾਗੂ ਕਰਨ ਦੀ ਗੱਲ ਕੀਤੀ ਗਈ। ਇਸ ਮੌਕੇ ਰੂਪ ਸਿੰਘ ਬੀੜ ਤਲਾਬ (ਚੇਅਰਮੈਨ, ਬਰਨਾਲਾ ਜੋਨ ਮਾਲਵਾ) ਅਤੇ ਮਲਕੀਤ ਕੌਰ ਭੱਟੀ (ਜ਼ਿਲ੍ਹਾ ਜਨਰਲ ਸਕੱਤਰ, ਬਠਿੰਡਾ) ਵੀ ਹਾਜ਼ਰ ਸਨ।