ਪੰਥਕ ਅਕਾਲੀ ਲਹਿਰ ਤਹਿਤ ਕੋਟਸ਼ਮੀਰ ’ਚ ਵੱਡਾ ਇਕੱਠ
ਪੰਥਕ ਅਕਾਲੀ ਲਹਿਰ ਤਹਿਤ ਕੋਟਸ਼ਮੀਰ ਵਿਚ ਵਿਸ਼ਾਲ ਇਕੱਠ
Publish Date: Sun, 29 Mar 2026 05:02 PM (IST)
Updated Date: Mon, 30 Mar 2026 04:03 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ
ਪੰਥਕ ਅਕਾਲੀ ਲਹਿਰ ਦੇ ਤਹਿਤ ਐਤਵਾਰ ਨੂੰ ਪਿੰਡ ਕੋਟਸ਼ਮੀਰ ਵਿਖੇ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਵਿਚ ਵਿਸ਼ਾਲ ਇਕੱਠ ਕਰਵਾਇਆ ਗਿਆ। ਇਸ ਮੌਕੇ ਸਿੱਖ ਪੰਥ ਦੀ ਪ੍ਰਸਿੱਧ ਹਸਤੀ ਭਾਈ ਰਣਜੀਤ ਸਿੰਘ (ਸਾਬਕਾ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ) ਨੇ ਸੰਬੋਧਨ ਕਰਦਿਆਂ ਕੌਮ ਨੂੰ ਧਾਰਮਿਕ ਤੌਰ ’ਤੇ ਜਾਗਰੂਕ ਹੋਣ ਦੀ ਅਪੀਲ ਕੀਤੀ। ਉਨ੍ਹਾਂ ਸਿੱਖ ਕੌਮ ਵਿਚ ਆ ਰਹੀ ਧਾਰਮਿਕ ਗਿਰਾਵਟ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹਰ ਗੁਰਸਿੱਖ ਨੂੰ ਬਾਣੀ ਪੜ੍ਹਨ, ਸੁਣਨ, ਵਿਚਾਰਨ ਅਤੇ ਜੀਵਨ ਵਿਚ ਅਮਲ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਤੇ ਧਾਰਮਿਕ ਗਿਆਨ ਰਾਹੀਂ ਹੀ ਕੌਮ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਵਿਚ ਗੁਰਦੁਆਰਿਆਂ ਦੇ ਪ੍ਰਬੰਧ ਸਹੀ ਅਤੇ ਇਮਾਨਦਾਰ ਲੋਕਾਂ ਦੇ ਹੱਥ ਵਿੱਚ ਦੇਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਕੋਈ ਨਿੱਜੀ ਸਿਆਸੀ ਮਕਸਦ ਨਹੀਂ, ਸਗੋਂ ਉਹ ਸਿਰਫ਼ ਪੰਥ ਦੀ ਸੇਵਾ ਲਈ ਸਮਰਪਿਤ ਹਨ। ਇਸ ਮੌਕੇ ਜਥੇਦਾਰ ਗੁਰਤੇਜ ਸਿੰਘ, ਸ਼ਮਸ਼ੇਰ ਸਿੰਘ, ਹਰਤੇਜ ਸਿੰਘ, ਨਛੱਤਰ ਸਿੰਘ ਮਹਿਤਾ, ਬਲਦੇਵ ਸਿੰਘ, ਬਾਬਾ ਭੋਲਾ ਸਿੰਘ ਮਸਤੂਆਣਾ ਸਮੇਤ ਹੋਰ ਕਈ ਮਾਣਯੋਗ ਸ਼ਖਸੀਅਤਾਂ ਨੇ ਹਾਜ਼ਰੀ ਭਰੀ।
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਿਊਂਸਪਲ ਕਮੇਟੀ ਵੱਲੋਂ ਭਾਈ ਰਣਜੀਤ ਸਿੰਘ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਪਿੰਡ ਦੀ ਪ੍ਰਸਿੱਧ ਹਸਤੀ ਬਲਵਿੰਦਰ ਸਿੰਘ ਨੰਬਰਦਾਰ ਨੂੰ ਵੀ ਉਨ੍ਹਾਂ ਦੀ ਖੇਡ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਜਥੇ. ਸੁਖਮਿੰਦਰ ਸਿੰਘ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਨਿਭਾਈ ਗਈ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰੇਸ਼ਮ ਸਿੰਘ, ਹੈਡ ਗ੍ਰੰਥੀ ਸੰਦੀਪ ਸਿੰਘ ਖਾਲਸਾ ਅਤੇ ਹੋਰ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।