ਸੂਏ ’ਚੋਂ ਮਿਲੀ ਅਣਪਛਾਤੀ ਔਰਤ ਦੀ ਲਾਸ਼
ਥਰਮਲ ਪਲਾਂਟ ਦੇ ਸੂਏ ’ਚੋਂ ਅਣਪਛਾਤੀ ਔਰਤ ਦੀ ਲਾਸ਼ ਮਿਲੀ
Publish Date: Sun, 29 Mar 2026 04:48 PM (IST)
Updated Date: Mon, 30 Mar 2026 04:03 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਲਹਿਰਾ ਮੁਹੱਬਤ ਵਿਖੇ ਬਣੇ ਥਰਮਲ ਪਲਾਂਟ ਦੇ ਸੂਏ ’ਚੋਂ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ। ਇਸ ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਪੁਲਿਸ ਚੌਂਕੀ ਭੁੱਚੋ ਮੰਡੀ ਤੋਂ ਇਤਲਾਹ ਮਿਲੀ ਕਿ ਥਰਮਲ ਪਲਾਂਟ ਦੇ ਸੂਏ ਵਿਚ ਇਕ ਜਾਲ ਬਣਿਆ ਹੋਇਆ ਹੈ, ਉਸ ਵਿਚ ਇਕ ਅਣਪਛਾਤੀ ਔਰਤ ਦੀ ਲਾਸ਼ ਫਸੀ ਹੋਈ ਹੈ ਤਾਂ ਤੁਰੰਤ ਸਹਾਰਾ ਦੇ ਵਾਈਸ ਪ੍ਰਧਾਨ ਸੁਖਦੇਵ ਸਿੰਘ ਕਾਲਾ, ਸੁਖਚੈਨ ਸਿੰਘ ਸੁੱਖਾ, ਗੁਰਤੇਜ ਸਿੰਘ ਕਾਲਾ ਸੰਸਥਾ ਦੀ ਐਂਬੂਲੈਂਸ ਲੈ ਕੇ ਘਟਨਾ ਵਾਲੀ ਥਾਂ ’ਤੇ ਪਹੁੰਚੇ ਜਦਕਿ ਉਥੇ ਪੁਲਿਸ ਚੌਕੀ ਭੁੱਚੋ ਮੰਡੀ ਦੇ ਮੁਲਾਜ਼ਮ ਮੌਜੂਦ ਸਨ। ਮ੍ਰਿਤਕ ਔਰਤ ਨੂੰ ਸਹਾਰਾ ਵਰਕਰਾਂ ਨੇ ਪੁਲਿਸ ਦੀ ਮੌਜੂਦਗੀ ਵਿਚ ਸੁਏ ਵਿੱਚੋਂ ਬਾਹਰ ਕੱਢਿਆ। ਲਾਸ਼ 2 ਦਿਨ ਪੁਰਾਣੀ ਜਾਪ ਰਹੀ ਹੈ, ਉਸ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ , ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਮ੍ਰਿਤਕਾ ਦੀ ਲਾਸ਼ ਨੂੰ ਪੁਲਿਸ ਦੀ ਮੌਜੂਦਗੀ ਵਿਚ 72 ਘੰਟੇ ਸ਼ਨਾਖਤ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ ਪੁਲਿਸ ਅਤੇ ਸਹਾਰਾ ਦੀ ਟੀਮ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਦੀ ਭਾਲ ਵਿਚ ਜੁਟ ਗਈ ਹੈ।