ਕਿਸਾਨ ਕੱਦੂ ਦੀ ਫ਼ਸਲ ਤੋਂ ਕਮਾ ਰਿਹੈ ਵੱਡਾ ਮੁਨਾਫ਼ਾ
ਕਣਕ-ਝੋਨੇ ਤੋਂ ਹਟ ਕੇ ਸਬਜ਼ੀ ਕਾਸ਼ਤ ਨਾਲ ਕਿਸਾਨ ਦੀ ਕਿਸਮਤ ਬਦਲੀ
Publish Date: Sat, 28 Mar 2026 07:45 PM (IST)
Updated Date: Sun, 29 Mar 2026 04:12 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਜਿੱਥੇ ਪੰਜਾਬ ਦੇ ਬਹੁਤੇ ਕਿਸਾਨ ਅੱਜ ਵੀ ਰਵਾਇਤੀ ਕਣਕ ਤੇ ਝੋਨੇ ਦੀ ਖੇਤੀ ’ਤੇ ਨਿਰਭਰ ਹਨ ਅਤੇ ਘੱਟ ਮੁਨਾਫੇ, ਵੱਧ ਖਰਚੇ ’ਤੇ ਘਟਦੇ ਭੂ-ਗਰਭ ਪਾਣੀ ਕਾਰਨ ਸੰਘਰਸ਼ ਕਰ ਰਹੇ ਹਨ, ਉੱਥੇ ਪਿੰਡ ਦੁਨੇਵਾਲਾ ਦੇ ਪ੍ਰਗਤੀਸ਼ੀਲ ਕਿਸਾਨ ਗੁਰਪ੍ਰੀਤ ਸਿੰਘ ਨੇ ਸੋਚ ਵਿਚ ਬਦਲਾਅ ਕਰਦਿਆਂ ਸਬਜ਼ੀਆਂ ਦੀ ਕਾਸ਼ਤ ਨੂੰ ਅਪਣਾ ਕੇ ਨਵਾਂ ਰਾਹ ਦਿਖਾਇਆ ਹੈ। ਉਨ੍ਹਾਂ ਦੀ ਇਹ ਕੋਸ਼ਿਸ਼ ਹੁਣ ਕਾਮਯਾਬੀ ਦੀ ਮਿਸਾਲ ਬਣ ਰਹੀ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਵਾਇਤੀ ਫਸਲਾਂ ’ਚ ਖਰਚਾ ਵੱਧ ਅਤੇ ਆਮਦਨ ਘੱਟ ਹੋਣ ਕਾਰਨ ਉਹ ਚਿੰਤਤ ਰਹਿੰਦੇ ਸਨ। ਇਸ ਲਈ ਉਨ੍ਹਾਂ ਨੇ ਖੇਤੀ ਵਿਚ ਨਵਾਂ ਤਜਰਬਾ ਕਰਨ ਦਾ ਫੈਸਲਾ ਲਿਆ ਤੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ। ਸ਼ੁਰੂਆਤੀ ਦੌਰ ਵਿਚ ਕੁਝ ਮੁਸ਼ਕਲਾਂ ਆਈਆਂ, ਪਰ ਮਿਹਨਤ, ਜਾਣਕਾਰੀ ਤੇ ਠੀਕ ਯੋਜਨਾ ਨਾਲ ਉਹ ਹੌਲੀ-ਹੌਲੀ ਕਾਮਯਾਬ ਹੋ ਗਏ। ਇਸ ਸਮੇਂ ਉਨ੍ਹਾਂ ਵੱਲੋਂ ਉਗਾਇਆ ਗਿਆ ਕਦੂ (ਕਦਊਆ) ਉਨ੍ਹਾਂ ਲਈ ਵੱਡੀ ਆਮਦਨ ਦਾ ਸਰੋਤ ਬਣਿਆ ਹੋਇਆ ਹੈ। ਮੰਡੀ ’ਚ ਕੱਦੂ ਦੀ ਵਧੀਆ ਮੰਗ ਅਤੇ ਚੰਗੀ ਕੀਮਤ ਮਿਲਣ ਕਾਰਨ ਉਹ ਹਰ ਏਕੜ ’ਤੇ ਕਣਕ-ਝੋਨੇ ਨਾਲੋਂ ਕਈ ਗੁਣਾ ਵੱਧ ਮੁਨਾਫਾ ਕਮਾ ਰਹੇ ਹਨ। ਜੇ ਖੇਤੀ ਨੂੰ ਕਾਰੋਬਾਰ ਵਾਂਗ ਸਮਝ ਕੇ ਕੀਤੀ ਜਾਵੇ ਤਾਂ ਸਬਜ਼ੀ ਕਾਸ਼ਤ ਬਹੁਤ ਲਾਭਦਾਇਕ ਸਾਬਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਬਜ਼ੀ ਕਾਸ਼ਤ ਵਿੱਚ ਸਿੰਚਾਈ, ਕੀਟ ਨਿਯੰਤਰਨ ਤੇ ਸਮੇਂ-ਸਿਰ ਮੰਡੀ ਤੱਕ ਪਹੁੰਚ ਬਹੁਤ ਜ਼ਰੂਰੀ ਹੁੰਦੀ ਹੈ। ਪਰ ਜੇ ਕਿਸਾਨ ਇਹਨਾਂ ਗੱਲਾਂ ਦਾ ਧਿਆਨ ਰੱਖਣ, ਤਾਂ ਉਹ ਵਧੀਆ ਆਮਦਨ ਹਾਸਲ ਕਰ ਸਕਦੇ ਹਨ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਮਿਲ ਰਹੀ ਸਲਾਹ ਤੇ ਜਾਣਕਾਰੀ ਵੀ ਉਨ੍ਹਾਂ ਲਈ ਕਾਫੀ ਲਾਭਦਾਇਕ ਰਹੀ ਹੈ। ਪਿੰਡ ਦੇ ਹੋਰ ਕਿਸਾਨ ਵੀ ਹੁਣ ਗੁਰਪ੍ਰੀਤ ਸਿੰਘ ਦੀ ਕਾਮਯਾਬੀ ਤੋਂ ਪ੍ਰੇਰਿਤ ਹੋ ਕੇ ਰਵਾਇਤੀ ਫਸਲਾਂ ਤੋਂ ਇਲਾਵਾ ਹੋਰ ਵਿਕਲਪਾਂ ਵੱਲ ਧਿਆਨ ਦੇ ਰਹੇ ਹਨ। ਕਈ ਕਿਸਾਨ ਸਬਜ਼ੀਆਂ ਤੇ ਬਾਗਬਾਨੀ ਵੱਲ ਰੁਝਾਨ ਦਿਖਾ ਰਹੇ ਹਨ, ਜਿਸ ਨਾਲ ਪਿੰਡ ਵਿੱਚ ਖੇਤੀ ਦਾ ਰੂਪ ਬਦਲਦਾ ਨਜ਼ਰ ਆ ਰਿਹਾ ਹੈ। ਖੇਤੀ ਮਾਹਿਰਾਂ ਦੇ ਅਨੁਸਾਰ ਫਸਲਾਂ ਵਿਚ ਵੱਖ-ਵੱਖ ਸਮੇਂ ਦੀ ਲੋੜ ਹੈ। ਇਸ ਨਾਲ ਨਾ ਸਿਰਫ ਕਿਸਾਨਾਂ ਦੀ ਆਮਦਨ ਵਧਦੀ ਹੈ, ਸਗੋਂ ਮਿੱਟੀ ਦੀ ਸਿਹਤ ਵੀ ਬਿਹਤਰ ਰਹਿੰਦੀ ਹੈ ਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ। ਗੁਰਪ੍ਰੀਤ ਸਿੰਘ ਦੀ ਇਹ ਸਫਲਤਾ ਹੋਰ ਕਿਸਾਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਸਕਦੀ ਹੈ। ਅੰਤ ਗੁਰਪ੍ਰੀਤ ਸਿੰਘ ਨੇ ਹੋਰ ਕਿਸਾਨਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਡਰਣ ਦੀ ਬਜਾਏ ਨਵੇਂ ਤਜਰਬੇ ਕਰਨ ਅਤੇ ਮਾਰਕੀਟ ਦੀ ਮੰਗ ਅਨੁਸਾਰ ਖੇਤੀ ਕਰਨ, ਤਾਂ ਜੋ ਉਹ ਵੀ ਵਧੀਆ ਮੁਨਾਫਾ ਕਮਾ ਸਕਣ ਤੇ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰ ਸਕਣ।