15 ਵਿਦਿਆਰਥੀਆਂ ਨੇ 5 ਦਿਨਾ ਕੈਂਪ ’ਚ ਲਿਆ ਹਿੱਸਾ
15 ਵਿਦਿਆਰਥੀਆਂ ਨੇ 5 ਰੋਜ਼ਾ ਕੈਂਪ ‘ਚ ਭਾਗ ਲਿਆ
Publish Date: Sat, 28 Mar 2026 04:55 PM (IST)
Updated Date: Sun, 29 Mar 2026 04:06 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਦੇ ਵਿਦਿਆਰਥੀਆਂ ਵੱਲੋਂ 5 ਰੋਜ਼ਾ ਹਾਈਕਿੰਗ ਅਤੇ ਟਰੈਕਿੰਗ ਕੈਂਪ ਵਿਚ ਸ਼ਮੂਲੀਅਤ ਕਰ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਗਿਆ। ਇਹ ਕੈਂਪ ਰੈੱਡ ਰਿਬਨ ਕਲੱਬ ਵੱਲੋਂ ਪਲਾਨਪੁਰ ਮੋਹਾਲੀ ਵਿਚ ਲਾਇਆ ਗਿਆ ਸੀ। ਇਸ ਕੈਂਪ ਵਿਚ ਕਾਲਜ ਦੇ 15 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਵੱਖ-ਵੱਖ ਸਿੱਖਣਯੋਗ ਸਰਗਰਮੀਆਂ ’ਚ ਹਿੱਸਾ ਲਿਆ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਟਰੈਕਿੰਗ ਦੇ ਬੁਨਿਆਦੀ ਨਿਯਮਾਂ, ਸੁਰੱਖਿਆ ਮਾਪਦੰਡਾਂ, ਫਸਟ ਏਡ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਕੁਦਰਤੀ ਵਾਤਾਵਰਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ ਤੇ ਉਨ੍ਹਾਂ ਨੂੰ ਵਾਤਾਵਰਨ ਸੁਰੱਖਿਆ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਵਿਚ ਨੇਚਰ ਸਟੱਡੀ, ਟੀਮ ਬਿਲਡਿੰਗ ਐਕਸਰਸਾਈਜ਼, ਲੀਡਰਸ਼ਿਪ ਡਿਵੈਲਪਮੈਂਟ ਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੁੜੀਆਂ ਸਰਗਰਮੀਆਂ ਵੀ ਕਰਵਾਈਆਂ ਗਈਆਂ। ਕੈਂਪ ਦੌਰਾਨ ਸਵੇਰੇ ਯੋਗਾ ਤੇ ਫਿਟਨੈੱਸ ਸੈਸ਼ਨ ਕਰਵਾਏ ਗਏ। ਇਸ ਨਾਲ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ, ਅਨੁਸ਼ਾਸਨ ਅਤੇ ਸਹਿਯੋਗ ਦੀ ਭਾਵਨਾ ਨੂੰ ਬੜਾਵਾ ਮਿਲਿਆ। ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਵਿਦਿਆਰਥੀਆਂ ਦੀ ਇਸ ਉਪਲੱਬਧੀ ’ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਅਨੁਭਵ ਵੀ ਮਿਲਣਾ ਚਾਹੀਦਾ ਹੈ। ਰੈੱਡ ਰਿਬਨ ਕਲੱਬ ਦੇ ਨੋਡਲ ਅਫਸਰ ਪ੍ਰੋਫੈਸਰ ਲਖਵੀਰ ਕੌਰ ਨੇ ਵੀ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨੌਜਵਾਨਾਂ ਵਿਚ ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਮਜ਼ਬੂਤ ਕਰਦੇ ਹਨ।ਕੈਂਪ ਦੇ ਅੰਤ ਵਿਚ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਹ ਕੈਂਪ ਉਨ੍ਹਾਂ ਲਈ ਜੀਵਨ ਭਰ ਯਾਦ ਰਹਿਣ ਵਾਲਾ ਅਨੁਭਵ ਸਾਬਤ ਹੋਇਆ, ਜਿਸ ਨਾਲ ਉਨ੍ਹਾਂ ਵਿਚ ਨਵੇਂ ਹੁਨਰ, ਲੀਡਰਸ਼ਿਪ ਗੁਣ ਅਤੇ ਸਕਾਰਾਤਮਕ ਸੋਚ ਦਾ ਵਿਕਾਸ ਹੋਇਆ। ਇਸ ਵਿਚ ਪ੍ਰੋਫੈਸਰ ਸੁਸ਼ਮਾ ਰਾਣੀ ਨੇ ਵੀ ਭਰਪੂਰ ਸਹਿਯੋਗ ਦਿੱਤਾ।