ਐੱਚਐੱਮਈਐੱਲ ਵੱਲੋਂ ਅਕਾਦਮੀ ਵਿਖੇ ‘ਫੁਲਕਾਰੀ ਆਫ ਪੰਜਾਬ’ ਦਾ ਸ਼ਾਨਦਾਰ ਪ੍ਰਦਰਸ਼ਨ
ਐਚਐਮਈਐਲ ਵੱਲੋਂ ਰਾਸ਼ਟਰੀ ਸ਼ਿਲਪ ਮਿਊਜ਼ੀਅਮ ਅਤੇ ਹਸਤਕਲਾ ਅਕਾਦਮੀ ਵਿਚ ‘ਫੁਲਕਾਰੀ ਆਫ ਪੰਜਾਬ’ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Fri, 27 Mar 2026 07:19 PM (IST)
Updated Date: Sat, 28 Mar 2026 04:09 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸਮਾਵੇਸ਼ੀ ਵਿਕਾਸ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦਿਆਂ ਐਚਐਮਈਐਲ ਨੇ ਰਾਸ਼ਟਰੀ ਸ਼ਿਲਪ ਮਿਊਜ਼ੀਅਮ ਅਤੇ ਹਸਤਕਲਾ ਅਕਾਦਮੀ ਵਿਚ ‘ਫੁਲਕਾਰੀ ਆਫ ਪੰਜਾਬ’ ਥੀਮ ਹੇਠ ਇਕ ਵਿਸ਼ੇਸ਼ ਫੈਸ਼ਨ ਸ਼ੋਅ ਕਰਵਾਇਆ। ਇਹ ਸ਼ੋਅ ਐਚਐਮਈਐਲ ਦੀ ਪ੍ਰਮੁੱਖ ਸੀਐੱਸਆਰ ਪਹਿਲ ‘ਮਹਿਲਾ ਸਸ਼ਕਤੀਕਰਨ ਲਈ ਹੁਨਰ ਤਾਲੀਮ (ਫੁਲਕਾਰੀ ਪ੍ਰੋਗਰਾਮ)’ ’ਤੇ ਆਧਾਰਿਤ ਸੀ, ਜਿਸਦਾ ਉਦੇਸ਼ ਪੰਜਾਬ ਦੀ ਸਮ੍ਰਿੱਧ ਫੁਲਕਾਰੀ ਕਲਾ ਨੂੰ ਦੁਬਾਰਾ ਜੀਵੰਤ ਕਰਨਾ ਅਤੇ ਬਠਿੰਡਾ ਦੀਆਂ ਪਿੰਡਾਂ ਦੀਆਂ ਮਹਿਲਾਵਾਂ ਲਈ ਟਿਕਾਊ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਇਸ ਵਿਚ ਪੰਜਾਬ ਦੀ ਪਰੰਪਰਾਗਤ ਕੱਢਾਈ ਦੀ ਰੰਗੀਨ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਗਿਆ।
ਇਸ ਸ਼ੋਅ ਵਿਚ ਪ੍ਰਸਿੱਧ ਡਿਜ਼ਾਈਨਰ ਪ੍ਰਤਿਮਾ ਪਾਂਡੇ ਦੇ ਸਹਿਯੋਗ ਨਾਲ ਤਿਆਰ ਕੀਤੀ ਖ਼ਾਸ ਕਲੇਕਸ਼ਨ ਪੇਸ਼ ਕੀਤੀ ਗਈ। ਇਸ ਪ੍ਰਦਰਸ਼ਨੀ ਵਿਚ ਵਿਰਲੇ ਫੁਲਕਾਰੀ ਬਾਗ਼, ਪਰੰਪਰਾਗਤ ਸ਼ਾਲਾਂ, ਦੁਪੱਟੇ ਅਤੇ ਨਵੀਂ ਸੋਚ ਨਾਲ ਬਣੇ ਟੈਕਸਟਾਈਲ ਪੈਨਲ ਸ਼ਾਮਲ ਸਨ। ਪ੍ਰੋਗਰਾਮ ਨੇ ਵਿਜੁਅਲ ਪ੍ਰਸਤੁਤੀ ਰਾਹੀਂ ਫੁਲਕਾਰੀ ਦੀ ਵਿਰਾਸਤ ਤੋਂ ਲੈ ਕੇ ਉਸਦੇ ਆਧੁਨਿਕ ਪੁਨਰਜਾਗਰਣ ਤੱਕ ਦੀ ਯਾਤਰਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ। ਇਸ ਮੰਚ ‘ਤੇ ਫੁਲਕਾਰੀ ਕਲਾ ਅਤੇ ਇਸਨੂੰ ਜੀਵੰਤ ਰੱਖਣ ਵਾਲੀਆਂ ਮਹਿਲਾ ਕਰੀਗਰਾਂ ਹੀ ਅਸਲ ਹੀਰੋ ਰਹੀਆਂ। ਇਸ ਪਹਿਲ ਬਾਰੇ ਗੱਲ ਕਰਦੇ ਹੋਏ, ਐੱਚਐੱਮਈਐੱਲ ਦੇ ਐਮਡੀ ਅਤੇ ਸੀਈਓ ਪ੍ਰਭ ਦਾਸ ਨੇ ਕਿਹਾ ਕਿ ਸਾਡਾ ਯਤਨ ਅਜਿਹੇ ਮੰਚ ਤਿਆਰ ਕਰਨਾ ਹੈ ਜਿੱਥੇ ਵਿਰਾਸਤ ਅਤੇ ਮੌਕੇ ਇਕੱਠੇ ਹੋਣ। ਫੁਲਕਾਰੀ ਪ੍ਰੋਗਰਾਮ ਸਿਰਫ਼ ਇਕ ਕਲਾ ਨੂੰ ਸੰਭਾਲਣ ਦੀ ਕੋਸ਼ਿਸ਼ ਨਹੀਂ, ਸਗੋਂ ਮਹਿਲਾਵਾਂ ਨੂੰ ਇੱਜ਼ਤਭਰੀ ਰੋਜ਼ੀ-ਰੋਟੀ ਦੇ ਮੌਕੇ ਦੇਣ ਅਤੇ ਉਨ੍ਹਾਂ ਨੂੰ ਵੱਡੇ ਮੰਚਾਂ ’ਤੇ ਵਧੀਆ ਪਛਾਣ ਦਿਵਾਉਣ ਦਾ ਮਾਧਿਅਮ ਵੀ ਹੈ। ਇਸਦੇ ਨਾਲ ਹੀ ਇਸ ਨੇ ਆਧੁਨਿਕ ਫੈਸ਼ਨ ਵਿੱਚ ਹੱਥੋਂ ਬਣੇ ਕਪੜਿਆਂ ਦੀ ਵਧ ਰਹੀ ਮਹੱਤਤਾ ਨੂੰ ਵੀ ਦਰਸਾਇਆ।