ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਇੱਕਤਰਤਾ 29 ਨੂੰ
ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਇੱਕਤਰਤਾ 29 ਨੂੰ
Publish Date: Fri, 27 Mar 2026 05:00 PM (IST)
Updated Date: Sat, 28 Mar 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਨੇ ਅਧਿਆਪਕ ਭਰਤੀ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ 29 ਮਾਰਚ ਨੂੰ ਬਠਿੰਡਾ ਦੇ ਚਿਲਡਰਨ ਪਾਰਕ ਵਿਚ ਆਪਣੀ ਇਕੱਤਰਤਾ ਸੱਦੀ ਹੈ। ਯੂਨੀਅਨ ਦੇ ਸੂਬਾ ਆਗੂ ਬਲਵੰਤ ਪਟਿਆਲਾ, ਪ੍ਰੈੱਸ ਸਕੱਤਰ ਨਵਦੀਪ ਬੱਲੀ, ਨਿਖਿਲ ਫਾਜ਼ਿਲਕਾ, ਪਰਮਜੀਤ ਸਿੰਘ, ਰਾਜਦੀਪ ਮਾਨਸਾ ਅਤੇ ਲਵਿਤ ਫਾਜ਼ਿਲਕਾ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ਪ੍ਰਾਇਮਰੀ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਪਰ ਸੂਬਾ ਸਰਕਾਰ ਨੇ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਲਈ ਅੱਜ ਤਕ ਕੋਈ ਇਸ਼ਤਿਹਾਰ ਜਾਰੀ ਨਹੀਂ ਕੀਤਾ, ਸਗੋਂ ਜੋ ਭਰਤੀਆਂ ਹੋਈਆਂ ਹਨ, ਉਹ ਭਰਤੀ ਇਸ਼ਤਿਹਾਰ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਜਾਰੀ ਹੋਏ ਸਨ। ਬੇਰੁਜ਼ਗਾਰ ਅਧਿਆਪਕਾਂ ਨੇ ਇਹ ਵੀ ਕਿਹਾ ਕਿ ਦੋ ਸਾਲਾਂ ਐਲੀਮੈਂਟਰੀ ਟੀਚਰਜ਼ ਟ੍ਰੇਨਿੰਗ ਅਤੇ ਟੈੱਟ ਪ੍ਰੀਖਿਆ ਪਾਸ ਕਰਨ ਦੇ ਬਾਵਜੂਦ ਵੀ ਕਈ ਅਧਿਆਪਕ ਦੋ-ਤਿੰਨ ਵਾਰ ਯੋਗਤਾ ਪ੍ਰੀਖਿਆ ਪਾਸ ਕਰ ਚੁੱਕੇ ਹਨ, ਪਰ ਸਰਕਾਰ ਭਰਤੀ ਇਸ਼ਤਿਹਾਰ ਜਾਰੀ ਕਰਨ ਵਿਚ ਗੰਭੀਰ ਨਹੀਂ। ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੱਤਾ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਕਿ ਤੁਰੰਤ ਭਰਤੀ ਇਸ਼ਤਿਹਾਰ ਜਾਰੀ ਕਰਕੇ ਯੋਗ ਅਧਿਆਪਕਾਂ ਨੂੰ ਨਿਯੁਕਤੀ ਦਿੱਤੀ ਜਾਵੇ।