ਹਾਕੀ ਅਕੈਡਮੀ ਕੁੜੀਆਂ ਲਈ ਸਾਬਤ ਹੋ ਰਹੀ ਵਰਦਾਨ : ਸੰਚਾਲਕ
ਹਾਕੀ ਅਕੈਡਮੀ ਲੜਕੀਆਂ ਵਰਦਾਨ ਸਾਬਿਤ ਹੋ ਰਹੀ ਹੈ: ਸੰਚਾਲਕ
Publish Date: Fri, 27 Mar 2026 04:55 PM (IST)
Updated Date: Sat, 28 Mar 2026 04:03 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਸਥਾਨਕ ਸ਼ਹਿਰ ਵਿਖੇ ਚੱਲ ਰਹੀ ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਦੀਆਂ ਕਈ ਹਾਕੀ ਖਿਡਾਰਨਾਂ ਜਿੱਥੇ ਸਕੂਲ ਨੈਸ਼ਨਲ ਖੇਡ ਚੁੱਕੀਆਂ ਹਨ, ਉੱਥੇ ਹੁਣ ਇਸ ਸਾਲ ਤਿੰਨ ਖਿਡਾਰਨਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ। ਅਕੈਡਮੀ ਦੇ ਸੰਚਾਲਕ ਗੁਰਦੀਪ ਸਿੰਘ ਬਾਬਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਘਰ ’ਚ ਹੀ ਲੜਕੀਆਂ ਲਈ ਹੋਸਟਲ ਬਣਾਇਆ ਹੋਇਆ ਹੈ । ਜਿਸ ਵਿਚ ਆਮ ਘਰਾਂ ਦੀਆਂ ਬਾਹਰਲੇ ਪਿੰਡਾਂ ਤੋਂ ਆਈਆਂ ਲੜਕੀਆਂ ਰਹਿੰਦੀਆਂ ਹਨ, ਜੋ ਭਗਤਾ ਭਾਈਕਾ ਦੇ ਸਰਕਾਰੀ ਸਕੂਲ ਵਿਚ ਪੜ੍ਹਦੀਆਂ ਹਨ। ਇਨ੍ਹਾਂ ਖਿਡਾਰਨਾਂ ਲਈ ਰਿਹਾਇਸ਼, ਖਾਣਾ, ਹਾਕੀ ਦੀ ਟ੍ਰੇਨਿੰਗ ਅਤੇ ਖੇਡਾਂ ਦਾ ਸਮਾਨ ਬਿਲਕੁੱਲ ਮੁਫਤ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਮੁਫਤ ਚੱਲ ਰਹੀ ਭਾਈ ਬਹਿਲੋ ਹਾਕੀ ਅਕੈਡਮੀ ਇਲਾਕੇ ਦੀਆਂ ਲੜਕੀਆਂ ਵਰਦਾਨ ਸਾਬਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਅਕੈਡਮੀ ਨੇ ਬਹੁਤ ਥੋੜੇ ਸਮੇਂ ਵਿਚ ਸਲਾਘਾਯੋਗ ਪ੍ਰਾਪਤੀਆਂ ਕੀਤੀਆਂ ਹਨ। ਇਸੇ ਸਾਲ ਅਕੈਡਮੀ ਦੀਆਂ ਤਿੰਨ ਖਿਡਾਰਨਾਂ ਮਹਿਕਦੀਪ ਕੌਰ, ਆਰਤੀ ਅਤੇ ਬੇਲਾ ਕੁਮਾਰੀ ਨੂੰ ਅਲਗ ਅਲਗ ਮਹਿਕਮਿਆਂ ਵਿਚ ਸਰਕਾਰੀ ਨੌਕਰੀ ਮਿਲ ਗਈ ਹੈ। ਅਕੈਡਮੀ ਦੇ ਸਹਿ ਸੰਚਾਲਕ ਮੈਡਮ ਜਸਵਿੰਦਰ ਕੌਰ ਨੇ ਦੱਸਿਆ ਕਿ 8 ਅਪ੍ਰੈਲ ਨੂੰ 5ਵੀਂ, 6ਵੀਂ,7ਵੀਂ ਅਤੇ 8ਵੀਂ ਜਮਾਤ ਦੀਆਂ ਭਗਤਾ ਭਾਈਕਾ ਦੇ ਸਕੂਲ ਵਿਚ ਪੜ੍ਹਦੀਆਂ ਹਨ। ਉਨ੍ਹਾਂ ਲੜਕੀਆਂ ਲਈ ਟਰਾਇਲ ਰੱਖੇ ਹਨ, ਜੋ ਲੜਕੀਆਂ ਸਲੈਕਟ ਹੋਣਗੀਆਂ ਉਨ੍ਹਾਂ ਨੂੰ ਹਾਕੀ ਦੀ ਟ੍ਰੇਨਿੰਗ ਅਤੇ ਖੇਡਾਂ ਦਾ ਸਮਾਨ ਬਿਲਕੁੱਲ ਮੁਫਤ ਵਿਚ ਮੁਹੱਈਆ ਕਰਵਾਇਆ ਜਾਵੇਗਾ। ਇਨ੍ਹਾਂ ਨਾਲ ਹੋਸਟਲ ਦੇ ਲਈ ਬਾਹਰਲੇ ਪਿੰਡਾਂ ਦੀਆਂ ਹਾਕੀ ਖਿਡਾਰਨਾਂ ਦੇ ਵੀ ਟਰਾਇਲ ਲਏ ਜਾਣਗੇ, ਜਿਨ੍ਹਾਂ ਨੂੰ ਕਿ ਰਿਹਾਇਸ਼, ਖਾਣਾ, ਖੇਡ ਟ੍ਰੇਨਿੰਗ, ਖੇਡਾਂ ਦਾ ਸਮਾਨ ਬਿਲਕੁੱਲ ਮੁਫਤ ਦਿੱਤਾ ਜਾਵੇਗਾ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੀਆਂ ਬੱਚੀਆਂ ਨੂੰ ਹੋਸਟਲ ਵਿਚ ਭੇਜੋ ਤਾਂ ਜੋ ਉਹ ਵੀ ਇਨ੍ਹਾਂ ਲੜਕੀਆਂ ਵਾਂਗ ਨੌਕਰੀਆਂ ਉੱਪਰ ਲੱਗ ਸਕਣ। ਗੁਰਦੀਪ ਸਿੰਘ ਬਾਬਾ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਚੱਲ ਰਹੇ ਇਸ ਯੱਗ ਵਿਚ ਤੁਸੀਂ ਵੀ ਸਹਿਯੋਗ ਕਰਨਾ ਸ਼ੁਰੂ ਕਰੋ। ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ, ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ, ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ, ਨਛੱਤਰ ਸਿੰਘ ਸਿੱਧੂ, ਗਗਨਦੀਪ ਸਿੰਘ ਗਰੇਵਾਲ, ਰੇਸ਼ਮ ਸਿੰਘ ਪਾਲ ਹਠੂਰ, ਵੱਖ ਵੱਥ ਹਾਕੀ ਕੋਚ ਆਦਿ ਨੇ ਲੜਕੀਆਂ ਨੂੰ ਵਧਾਈ ਦਿੱਤੀ ਅਤੇ ਅਕੈਡਮੀ ਦੇ ਉੱਦਮਾਂ ਦੀ ਸ਼ਲਾਘਾ ਕੀਤੀ।