ਰਾਮਾਂ ਮੰਡੀ ’ਚ ਗੈਸ ਸਿਲੰਡਰਾਂ ਦੀ ਕਮੀ ’ਤੇ ਭੜਕੇ ਲੋਕ, ਤਲਵੰਡੀ ਸਾਬੋ ਰੋਡ ਜਾਮ ਕਰ ਕੇ ਰੋਸ ਪ੍ਰਦਰਸ਼ਨ
ਰਾਮਾਂ ਮੰਡੀ 'ਚ ਗੈਸ ਸਿਲੰਡਰਾਂ ਦੀ ਕਮੀ 'ਤੇ ਭੜਕੇ ਲੋਕ, ਤਲਵੰਡੀ ਸਾਬੋ ਰੋਡ ਜਾਮ ਕਰਕੇ ਤਿੱਖਾ ਪ੍ਰਦਰਸ਼ਨ
Publish Date: Thu, 26 Mar 2026 06:49 PM (IST)
Updated Date: Thu, 26 Mar 2026 06:53 PM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ ਰਾਮਾਂ ਮੰਡੀ : ਰਾਮਾਂ ਮੰਡੀ ਅਤੇ ਇਸਦੇ ਆਸ-ਪਾਸ ਦੇ ਪਿੰਡਾਂ ਵਿਚ ਘਰੇਲੂ ਗੈਸ ਸਿਲੰਡਰਾਂ ਦੀ ਭਾਰੀ ਕਮੀ ਕਾਰਨ ਲੋਕਾਂ ਦਾ ਗੁੱਸਾ ਫੱਟ ਪਿਆ ਹੈ। ਮੰਡੀ ਵਾਸੀਆਂ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਗੈਸ ਸਿਲੰਡਰਾਂ ਦੀ ਕਮੀ ਅਤੇ ਗੈਸ ਸਪਲਾਈ ਵਿਚ ਹੋ ਰਹੀ ਦੇਰੀ ਖ਼ਿਲਾਫ਼ ਪ੍ਰਸ਼ਾਸਨ ਅਤੇ ਗੈਸ ਏਜੰਸੀ ਖ਼ਿਲਾਫ਼ ਤਿੱਖਾ ਰੋਸ ਜਤਾਇਆ। ਇਸ ਰੋਸ ਦੇ ਪ੍ਰਗਟਾਵੇ ਵਜੋਂ ਲੋਕਾਂ ਨੇ ਤਲਵੰਡੀ ਸਾਬੋ ਰੋਡ ਨੂੰ ਜਾਮ ਕਰ ਦਿੱਤਾ, ਜਿਸ ਕਾਰਨ ਸੜਕ ਉੱਤੇ ਵਾਹਨਾਂ ਦੀ ਲੰਮੀ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਘਰੇਲੂ ਗੈਸ ਸਿਲੰਡਰ ਮੰਗੇ ਜਾ ਰਹੇ ਸਨ, ਪਰ ਸਮੇਂ ’ਤੇ ਸਿਲੰਡਰ ਪ੍ਰਾਪਤ ਨਹੀਂ ਹੋ ਰਹੇ। ਇਸ ਕਾਰਨ ਘਰੇਲੂ ਜੀਵਨ ਬਿਲਕੁਲ ਪ੍ਰਭਾਵਿਤ ਹੋ ਗਿਆ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਗੈਸ ਏਜੰਸੀ ਵੱਲੋਂ ਸਮੇਂ ’ਤੇ ਸਪਲਾਈ ਨਹੀਂ ਕੀਤੀ ਜਾ ਰਹੀ ਹੈ ਅਤੇ ਕਈ ਵਾਰੀ ਕਾਲਾਬਾਜ਼ਾਰੀ ਵੀ ਕੀਤੀ ਜਾ ਰਹੀ ਹੈ, ਜਿਸ ਨਾਲ ਲਗਾਤਾਰ ਲੋਕਾਂ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ। ਇਸ ਸਥਿਤੀ ਨੂੰ ਲੈ ਕੇ ਸੜਕ ਜਾਮ ਹੋਣ ਕਾਰਨ ਗੰਭੀਰ ਤਰ੍ਹਾਂ ਦੀ ਆਵਾਜਾਈ ਰੁਕਾਵਟ ਦਾ ਸਾਹਮਣਾ ਕਰਨਾ ਪਿਆ। ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਮੁਸ਼ਕਿਲਾਂ ਵਧ ਗਈਆਂ ਅਤੇ ਲੋਕਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਜਾਮ ਦਾ ਪਤਾ ਲੱਗਦਿਆਂ ਹੀ ਤੁਰੰਤ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ। ਐੱਸਐੱਚਓ ਰਾਮਾਂ ਕੌਰ ਸਿੰਘ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਜਲਦੀ ਹੀ ਗੈਸ ਸਿਲੰਡਰਾਂ ਦੀ ਸਪਲਾਈ ਸੁਚਾਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਗੈਸ ਏਜੰਸੀ ਨੇ ਸਪਲਾਈ ਵਿੱਚ ਰੁਕਾਵਟ ਪੈਦਾ ਕੀਤੀ ਜਾਂ ਕਾਲਾਬਾਜ਼ਾਰੀ ਦਾ ਕਮਰਾ ਕੀਤਾ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਲੰਡਰ ਲੈਣ ਆਏ ਸੇਖੂ ਪਿੰਡ ਦੇ ਨੌਜਵਾਨ ਨੇ ਕਿਹਾ ਕਿ ਉਸ ਦੇ ਭਰਾ ਦਾ ਵਿਆਹ ਹੈ ਅਤੇ ਉਸ ਨੂੰ ਗੈਸ ਸਿਲੰਡਰ ਦੀ ਬਹੁਤ ਜ਼ਰੂਰਤ ਹੈ, ਪਰ ਉਸ ਨੂੰ ਸਿਲੰਡਰ ਨਹੀਂ ਮਿਲ ਰਿਹਾ। ਉਹ ਕਹਿੰਦਾ ਹੈ ਕਿ ਇਸ ਲਈ ਉਸ ਨੂੰ ਆਪਣੇ ਪਰਿਵਾਰਕ ਸਮਾਗਮ ਨੂੰ ਸੰਪੰਨ ਕਰਨ ਵਿੱਚ ਮੁਸ਼ਕਿਲ ਹੋ ਰਹੀ ਹੈ। ਸੁਖਲੱਧੀ ਦੀ ਸਰਬਜੀਤ ਕੌਰ ਨੇ ਕਿਹਾ ਕਿ ਉਹ 10 ਮਾਰਚ ਤੋਂ ਗੈਸ ਸਿਲੰਡਰ ਲੈਣ ਲਈ ਆ ਰਹੀ ਹੈ, ਪਰ ਹਾਲੇ ਤਕ ਉਸ ਨੂੰ ਸਿਲੰਡਰ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਸੰਚਾਲਕਾਂ ਨੇ ਏਜੰਸੀ ਹੀ ਬੰਦ ਕਰ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਹਰ ਰੋਜ਼ ਸੇਵਰ ਸਮੇਂ ਏਜੰਸੀ ਅੱਗੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗਦੀਆਂ ਹਨ ਪਰ ਸੰਚਾਲਕਾਂ ਵੱਲੋਂ ਉਨ੍ਹਾਂ ਨੂੰ ਅਗਲੇ ਦਿਨ ਆਉਣ ਲਈ ਕਿਹਾ ਜਾਂਦਾ ਹੈ। ਪੁਲਿਸ ਦੇ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਕੁਝ ਸਮੇਂ ਲਈ ਧਰਨਾ ਖਤਮ ਕਰ ਦਿੱਤਾ, ਪਰ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਇਸ ਮੁੱਦੇ ਦਾ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਲੋਕਾਂ ਨੇ ਸਾਫ਼ ਤੌਰ ’ਤੇ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਪੂਰਾ ਹੱਲ ਨਹੀਂ ਕੀਤਾ ਗਿਆ ਤਾਂ ਉਹ ਦੁਬਾਰਾ ਸੜਕਾਂ ’ਤੇ ਨਿਕਲਣਗੇ ਅਤੇ ਵੱਡਾ ਪ੍ਰਦਰਸ਼ਨ ਕਰ ਕੇ ਆਪਣੀ ਆਵਾਜ਼ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣਗੇ। ਗੈਸ ਸਿਲੰਡਰਾਂ ਦੀ ਕਮੀ ਨੂੰ ਖ਼ਤਮ ਕਰਨ ਅਤੇ ਸਮੇਂ ’ਤੇ ਸਪਲਾਈ ਸੁਚਾਰੂ ਕਰਨ ਲਈ ਸਥਾਨਕ ਪ੍ਰਸ਼ਾਸਨ ਨੂੰ ਚੁਸਤ ਕਦਮ ਚੁੱਕਣ ਦੀ ਜ਼ਰੂਰਤ ਹੈ।