ਅੱਗ ਤੋਂ ਬਚਾਅ ਸਬੰਧੀ ਜਾਗਰੂਕਤਾ ਸੈਮੀਨਾਰ
ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਵਿਚ ਅੱਗ ਸੁਰੱਖਿਆ ਜਾਗਰੂਕਤਾ ਸੈਮੀਨਾਰ ਕਰਵਾਇਆ
Publish Date: Wed, 25 Mar 2026 08:09 PM (IST)
Updated Date: Thu, 26 Mar 2026 04:08 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਚ ਅੱਗ ਤੋਂ ਬਚਾਅ ਅਤੇ ਸੁਰੱਖਿਆ ਸਬੰਧੀ ਜਾਗਰੂਕਤਾ ਵਧਾਉਣ ਲਈ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ’ਚ ਫਾਇਰ ਬ੍ਰਿਗੇਡ ਵਿਭਾਗ ਦੇ ਤਜਰਬੇਕਾਰ ਅਧਿਕਾਰੀ ਕੁਲਦੀਪ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ। ਸੈਮੀਨਾਰ ਦੌਰਾਨ ਕੁਲਦੀਪ ਸਿੰਘ ਨੇ ਅਧਿਆਪਕਾਂ ਨੂੰ ਅੱਗ ਲੱਗਣ ਦੇ ਮੁੱਖ ਕਾਰਨਾਂ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਵਿੱਚ ਬਿਜਲੀ ਦੇ ਸ਼ਾਰਟ ਸਰਕਿਟ, ਗੈਸ ਲੀਕੇਜ, ਲਾਪਰਵਾਹੀ ਨਾਲ ਜਲਦੀ ਚੀਜ਼ਾਂ ਦੀ ਵਰਤੋਂ ਅਤੇ ਜੰਗਲੀ ਅੱਗ ਸ਼ਾਮਲ ਹਨ। ਉਨ੍ਹਾਂ ਨੇ ਅੱਗ ਤੋਂ ਬਚਾਅ ਲਈ ਲੈਣ ਵਾਲੀਆਂ ਜ਼ਰੂਰੀ ਸਾਵਧਾਨੀਆਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਅਤੇ ਘਰ ਅਤੇ ਸਕੂਲ ਵਿੱਚ ਸੁਰੱਖਿਆ ਉਪਕਰਣਾਂ ਦੀ ਸਹੀ ਵਰਤੋਂ ‘ਤੇ ਜ਼ੋਰ ਦਿੱਤਾ। ਫਾਇਰ ਬ੍ਰਿਗੇਡ ਟੀਮ ਵੱਲੋਂ ਅੱਗ ਬੁਝਾਉਣ ਵਾਲੇ ਸਿਲੰਡਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਮੀਨੂੰ ਗਰਗ, ਚੇਅਰਮੈਨ ਵਿਨੋਦ ਖੁਰਾਣਾ ਅਤੇ ਪ੍ਰਧਾਨ ਲਗਨ ਖੁਰਾਣਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਸੁਰੱਖਿਆ ਦੇ ਮਾਪਦੰਡਾਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਸੰਕਟਮਈ ਸਥਿਤੀਆਂ ਵਿੱਚ ਸਹੀ ਫੈਸਲੇ ਲੈਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਦੀ ਵਚਨਬੱਧਤਾ ਜਤਾਈ।