ਟੀਬੀ ਮੁਕਤ ਮੁਹਿੰਮ ਦੀ ਹੋਈ ਸ਼ੁਰੂਆਤ
ਟੀਬੀ ਮੁਕਤ ਅਭਿਆਨ ਦੀ ਸ਼ੁਰੂਆਤ
Publish Date: Wed, 25 Mar 2026 06:00 PM (IST)
Updated Date: Thu, 26 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵਿਸ਼ਵ ਤਪਦਿਕ ਦਿਵਸ ਮੌਕੇ ਬਠਿੰਡਾ ’ਚ 100 ਦਿਨਾਂ ਟੀਬੀ ਮੁਕਤ ਮੁਹਿੰਮ ਦੀ ਸ਼ੁਰੂਆਤ ਕੀਤੀ। ਸੂਬਾ ਸਰਕਾਰ ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਸ਼ਟਰੀ ਤਪਦਿਕ ਖਾਤਮਾ ਪ੍ਰੋਗਰਾਮ ਅਧੀਨ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸਿਵਲ ਹਸਪਤਾਲ ਬਠਿੰਡਾ ਵਿਖੇ ਪਹੁੰਚ ਕੇ ਮੁਹਿੰਮ ਦਾ ਆਗਾਜ਼ ਕੀਤਾ। ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਹ ਮੁਹਿੰਮ ਜ਼ਿਲ੍ਹੇ ਵਿਚ ਲਗਾਤਾਰ 100 ਦਿਨ ਤਕ ਚੱਲੇਗੀ। ਸਿਵਲ ਸਰਜਨ ਡਾ. ਤਪਿੰਦਰਜੋਤ ਅਨੁਸਾਰ ਮੁਹਿੰਮ ਤਹਿਤ ਪਿੰਡਾਂ, ਸਲੱਮ ਇਲਾਕਿਆਂ ਤੇ ਹੋਰ ਹਾਈ ਰਿਸਕ ਖੇਤਰਾਂ ’ਚ ਸਰਵੇ ਕਰਕੇ ਟੀਬੀ ਮਰੀਜ਼ਾਂ ਦੀ ਪਛਾਣ ਕੀਤੀ ਜਾਵੇਗੀ, ਤਾਂ ਜੋ ਸਮੇਂ ਸਿਰ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਜ਼ਿਲ੍ਹਾ ਟੀਬੀ ਅਫਸਰ ਡਾ. ਰੋਜੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੰਬੇ ਸਮੇਂ ਦੀ ਖਾਂਸੀ, ਬੁਖਾਰ ਜਾਂ ਵਜ਼ਨ ਘਟਣ ਵਰਗੇ ਲੱਛਣਾਂ ਵਾਲੇ ਵਿਅਕਤੀ ਤੁਰੰਤ ਨੇੜਲੇ ਸਿਹਤ ਕੇਂਦਰ ’ਚ ਸਕਰੀਨਿੰਗ ਕਰਵਾਉਣ। ਮਰੀਜ਼ਾਂ ਨੂੰ ਨਿਕਸ਼ੇ ਪੋਸ਼ਣ ਯੋਜਨਾ ਤਹਿਤ ਭੱਤਾ ਅਤੇ ਮੁਫ਼ਤ ਇਲਾਜ ਦਿੱਤਾ ਜਾਂਦਾ ਹੈ। ਇਸ ਦੌਰਾਨ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ। ਇਸ ਮੌਕੇ ਸਿਹਤ ਵਿਭਾਗ ਦੇ ਕਈ ਅਧਿਕਾਰੀ ਵੀ ਹਾਜ਼ਰ ਸਨ।