ਹਾਦਸੇ ’ਚ ਇਕ ਦੀ ਮੌਤ, ਮਾਸੂਮ ਬੱਚੀ ਸਣੇ ਚਾਰ ਜ਼ਖ਼ਮੀ
ਮੋਟਰਸਾਇਕਲਾਂ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ, ਮਾਸੂਮ ਬੱਚੀ ਸਮੇਤ ਚਾਰ ਜਖਮੀ
Publish Date: Tue, 24 Mar 2026 05:35 PM (IST)
Updated Date: Wed, 25 Mar 2026 04:02 AM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ
ਰਾਮਪੁਰਾ ਸਲਾਬਤਪੁਰਾ ਰੋਡ ’ਤੇ ਸਥਿਤ ਪਿੰਡ ਬੁਰਜ ਗਿੱਲ ਦੇ ਮੇਨ ਬੱਸ ਸਟੈਂਡ ਉੱਪਰ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਉਸਦੀ ਪਤਨੀ ਤੇ ਪੋਤੀ ਸਮੇਤ ਚਾਰ ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਨਿਹਾਲ ਸਿੰਘ 62 ਸਾਲ ਪੁੱਤਰ ਗੁਲਜਾਰਾ ਸਿੰਘ ਰਾਮਪੁਰਾ ਸਾਈਡ ਤੋਂ ਬੁਰਜ ਗਿੱਲ ਵਿਖੇ ਆਪਣੀ ਦੁਕਾਨ ਉੱਪਰ ਆਪਣੀ ਪਤਨੀ ਸੁਖਦੇਵ ਕੌਰ, ਪੋਤੀ ਕੋਮਲਪ੍ਰੀਤ ਕੌਰ 6 ਸਾਲ ਨਾਲ ਆ ਰਿਹਾ ਸੀ। ਜਦੋਂ ਉਹ ਰਾਮਪੁਰਾ ਸਾਈਡ ਤੋਂ ਆਪਣੀ ਦੁਕਾਨ ਵੱਲ ਮੁੜਨ ਲਈ ਰੋਡ ਉੱਪਰ ਰੁਕਿਆ ਤਾਂ ਪਿੱਛੇ ਤੋਂ ਤੇਜ਼ ਰਫਤਾਰ ਰੇਸਰ ਮੋਟਰਸਾਈਕਲ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਨਿਹਾਲ ਸਿੰਘ ਅਤੇ ਉਸ ਦੀ ਪੋਤੀ ਬੁੜਕ ਕੇ ਖੱਬੇ ਪਾਸੇ ਵਾਲੀ ਸਾਈਡ ’ਤੇ ਡਿੱਗ ਪਏ ਅਤੇ ਰੇਸਰ ਮੋਟਰਸਾਈਕਲ ਸਵਾਰ ਨੌਜਵਾਨ ਸੱਜੀ ਸਾਇਡ ’ਤੇ ਬੁੜਕ ਗਏ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਦੋਨੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ। ਪਿੰਡ ਵਾਸੀਆਂ ਵੱਲੋਂ ਇਨਾਂ ਜਖਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਭਰਤੀ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਨਿਹਾਲ ਸਿੰਘ ਨੂੰ ਆਦੇਸ਼ ਹਸਪਤਾਲ ਵਿਖੇ ਰੈਫਰ ਕੀਤਾ ਜਦਕਿ ਦੂਸਰੇ ਨੌਜਵਾਨਾਂ ਨੂੰ ਰਾਮਪੁਰਾ ਦੇ ਪ੍ਰਾਈਵੇਟ ਹਸਪਤਾਲ ’ਚ ਭੇਜ ਦਿੱਤਾ ਗਿਆ ਹੈ। ਇਲਾਜ ਦੌਰਾਨ ਨਿਹਾਲ ਸਿੰਘ ਦੀ ਮੌਤ ਹੋ ਗਈ ਜਦਕਿ ਕੋਮਲਪ੍ਰੀਤ ਕੌਰ ਸਿਵਲ ਹਸਪਤਾਲ ਰਾਮਪੁਰਾ ਵਿਖੇ ਜੇਰੇ ਇਲਾਜ ਹੈ।
ਉਧਰ ਰੇਸਰ ਮੋਟਰਸਾਈਕਲ ਸਵਾਰ ਨਵਦੀਪ ਸਿੰਘ ਪੁੱਤਰ ਮਨਦੀਪ ਸਿੰਘ ਵਾਸੀ ਢਿਪਾਲੀ ਜੋ ਕਿ ਆਪਣੇ ਦਸਵੀਂ ਦੇ ਪੇਪਰ ਦੇਣ ਲਈ ਭਾਈ ਰੂਪਾ ਵਿਖੇ ਜਾ ਰਿਹਾ ਸੀ, ਗੰਭੀਰ ਰੂਪ ਵਿੱਚ ਜਖਮੀ ਹੋ ਗਿਆ, ਜਿਸ ਦਾ ਇਲਾਜ ਰਾਮਪੁਰਾ ਫੂਲ ਦੇ ਪ੍ਰਾਈਵੇਟ ਹਸਪਤਾਲ ਵਿਖੇ ਚੱਲ ਰਿਹਾ ਹੈ।। ਇਸ ਦੌਰਾਨ ਮ੍ਰਿਤਕ ਦੇ ਪੁੱਤਰ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਫੂਲ ਦੀ ਪੁਲਿਸ ਵੱਲੋਂ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਲਾਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਭੇਜ ਦਿੱਤਾ ਗਿਆ ਹੈ।