ਕੋਟਸ਼ਮੀਰ ਵਿਖੇ ਸਾਮਰਾਜ ਵਿਰੋਧੀ ਦਿਵਸ ਮਨਾਇਆ
ਕੋਟਸ਼ਮੀਰ ਵਿਖੇ ਸਾਮਰਾਜ ਵਿਰੋਧੀ ਦਿਵਸ ਮਨਾਇਆ
Publish Date: Tue, 24 Mar 2026 04:54 PM (IST)
Updated Date: Wed, 25 Mar 2026 04:02 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ
ਪਿੰਡ ਕੋਟਸ਼ਮੀਰ ਦੇ ਕਮੇਟੀ ਦਫ਼ਤਰ ਵਿਖੇ ਪਿੰਡ ਪੱਧਰ ‘ਤੇ ਸਰਦਾਰ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਤੇ ਸੁਖਦੇਵ ਥਾਪਰ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਅਤੇ ਦੇਸ਼ ਦੀ ਆਜ਼ਾਦੀ ਲਈ ਦਿੱਤੇ ਬਲਿਦਾਨਾਂ ਨੂੰ ਨਮਨ ਕੀਤਾ ਗਿਆ। ਅੱਜ ਦੇ ਦਿਨ ਨੂੰ “ਸਾਮਰਾਜ ਵਿਰੋਧੀ ਦਿਵਸ” ਵਜੋਂ ਵੀ ਮਨਾਇਆ ਗਿਆ। ਹਰ ਸਾਲ 23 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ “ਸਾਮਰਾਜ ਵਿਰੋਧੀ ਦਿਵਸ” ਮਨਾਇਆ ਜਾਂਦਾ ਹੈ। ਇਹ ਦਿਨ ਦੇਸ਼ ’ਚ ਕਾਰਪੋਰੇਟ ਨੀਤੀਆਂ, ਬਿਜਲੀ ਅਤੇ ਬੀਜ ਬਿੱਲਾਂ, ਲੇਬਰ ਕੋਡਾਂ ਅਤੇ ਕਿਸਾਨ-ਮਜ਼ਦੂਰ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਆਵਾਜ਼ ਉਠਾਉਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸ਼ਹੀਦਾਂ ਦਾ ਸੁਪਨਾ ਇਕ ਅਜਿਹਾ ਭਾਰਤ ਸੀ ਜਿੱਥੇ ਕਿਸਾਨ, ਮਜ਼ਦੂਰ ਅਤੇ ਆਮ ਇਨਸਾਨ ਨੂੰ ਇਨਸਾਫ਼ ਮਿਲੇ। ਅੱਜ ਵੀ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ‘ਤੇ ਮੀਟਿੰਗਾਂ, ਰੈਲੀਆਂ ਅਤੇ ਰੋਸ ਮੁਜ਼ਾਹਰੇ ਕਰਕੇ ਸਾਮਰਾਜੀ ਨੀਤੀਆਂ, ਨਿੱਜੀਕਰਨ ਅਤੇ ਦੇਸ਼ ਵਿਰੋਧੀ ਵਪਾਰਕ ਸਮਝੌਤਿਆਂ ਦਾ ਵਿਰੋਧ ਕੀਤਾ ਜਾਂਦਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਜੱਗਾ, ਸੁਖਮੰਦਰ ਸਿੰਘ ਧਾਲੀਵਾਲ, ਗੋਰਾ ਬਾਬਾ ਫਾਜ਼ਿਲਕਾ, ਦਰਸ਼ਨ ਸਿੰਘ, ਪੁਸ਼ਵਿੰਦਰ ਸਿੰਘ, ਰਾਜਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਸਮੇਤ ਕਈ ਕਿਸਾਨ ਆਗੂ ਤੇ ਪਿੰਡ ਵਾਸੀ ਹਾਜ਼ਰ ਰਹੇ।