- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਕਾ ਕਲਾਂ ਦੀਆਂ ਉਦਮੀ ਮਹਿਲਾਵਾਂ ਨੇ ਵਿਰਾਸਤ ਮੇਲੇ ‘ਚ ਵਿਖਾਇਆ ਹੁਨਰ, ਵਿਧਾਇਕ ਵੱਲੋਂ ਸ਼ਲਾਘਾ

-ਪੱਕਾ ਕਲਾਂ ਦੀਆਂ ਉਦਮੀ ਮਹਿਲਾਵਾਂ ਨੇ ਵਿਰਾਸਤ ਮੇਲੇ ’ਚ ਵਿਖਾਇਆ ਹੁਨਰ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਪੰਜਾਬ ਦੀ ਧਰੋਹਰ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਲਈ ਲਗਾਏ ਗਏ ਤਿੰਨ ਦਿਨਾਂ ਵਿਰਾਸਤ ਮੇਲੇ ਵਿਚ ਪਿੰਡਾਂ ਦੀਆਂ ਮਹਿਲਾਵਾਂ ਨੇ ਆਪਣੀ ਕਲਾ ਅਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਪਿੰਡ ਪੱਕਾ ਕਲਾਂ ਵਿਚ ਚਲਾਏ ਜਾ ਰਹੇ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਵੱਲੋਂ ਲਗਾਈਆਂ ਗਈਆਂ ਸਟਾਲਾਂ ਮੇਲੇ ਦਾ ਖਾਸ ਕੇਂਦਰ ਰਹੀਆਂ। ਇਸ ਮੌਕੇ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸਟਾਲਾਂ ਦਾ ਦੌਰਾ ਕਰਕੇ ਮਹਿਲਾਵਾਂ ਨਾਲ ਗੱਲਬਾਤ ਕੀਤੀ। ਮਹਿਲਾਵਾਂ ਨੇ ਆਪਣੇ ਬਣਾਏ ਉਤਪਾਦਾਂ ਅਤੇ ਸਮੂਹਾਂ ਦੇ ਕੰਮ ਬਾਰੇ ਜਾਣਕਾਰੀ ਦਿੱਤੀ।
ਵਿਧਾਇਕ ਨੇ ਮਹਿਲਾਵਾਂ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹੋਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਤਹਿਤ “ਪੰਜਾਬ ਸਖੀ ਸ਼ਕਤੀ ਮੇਲਾ–ਮਹਿਲਾ ਉਦਮੀਆਂ ਦਾ ਸਸ਼ਕਤੀਕਰਨ”ਥੀਮ ਅਧੀਨ ਸਵੈ ਸਹਾਇਤਾ ਸਮੂਹਾਂ ਨੂੰ ਆਪਣੀ ਕਲਾ ਵਿਖਾਉਣ ਦਾ ਮੌਕਾ ਦਿੱਤਾ ਗਿਆ। ਐੱਚਐੱਮਈਐੱਲ ਦੇ ਸਹਿਯੋਗ ਨਾਲ ਪੱਕਾ ਕਲਾਂ ਵਿੱਚ ਚੱਲ ਰਹੇ ਫਤਿਹ ਸਵੈ ਸਹਾਇਤਾ ਸਮੂਹ ਵੱਲੋਂ ਪ੍ਰਿੰਟਿਡ ਸੂਟ, ਸਤਿਗੁਰੂ ਸਮੂਹ ਵੱਲੋਂ ਨੋਟਬੁੱਕ ਅਤੇ ਗਿਆਨ ਸਮੂਹ ਵੱਲੋਂ ਬੈਗਾਂ ਦੀਆਂ ਸਟਾਲਾਂ ਲਗਾਈਆਂ ਗਈਆਂ। ਮਹਿਲਾਵਾਂ ਨੇ ਲੈਪਟਾਪ ਬੈਗ, ਫੁਲਕਾਰੀ ਬੈਗ, ਪ੍ਰਿੰਟਿਡ ਬੈਗ, ਸੂਟ ਅਤੇ ਹੋਰ ਹੱਥੋਂ ਬਣੇ ਉਤਪਾਦ ਪ੍ਰਦਰਸ਼ਿਤ ਕੀਤੇ। ਐੱਚਐੱਮਮਈਐੱਲ ਵੱਲੋਂ ਪੱਕਾ ਕਲਾਂ ਵਿਚ ਮਹਿਲਾ ਸਸ਼ਕਤੀਕਰਨ ਲਈ ਲਗਭਗ 35 ਸਵੈ-ਸਹਾਇਤਾ ਸਮੂਹ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 16 ਸਮੂਹਾਂ ਨੂੰ ਉਦਯੋਗ ਨਾਲ ਜੋੜ ਕੇ ਕਰੀਬ 170 ਮਹਿਲਾਵਾਂ ਨੂੰ ਆਤਮਨਿਰਭਰ ਬਣਾਇਆ ਗਿਆ ਹੈ। ਇੱਥੇ ਸਕੂਲ ਯੂਨੀਫਾਰਮ, ਬੈਗ, ਲੈਦਰ ਬੈਗ, ਲੈਪਟਾਪ ਬੈਗ, ਲੋਅਰ, ਨੋਟਬੁੱਕ, ਸੈਨਿਟਰੀ ਪੈਡ, ਅਚਾਰ ਆਦਿ ਦੇ ਕਈ ਯੂਨਿਟ ਸਫਲਤਾਪੂਰਵਕ ਚੱਲ ਰਹੇ ਹਨ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਪਿੰਡ ਦੀ ਰੂਪਿੰਦਰ ਕੌਰ ਨੂੰ ਹਾਲ ਹੀ ਵਿੱਚ ਨਵੀਂ ਦਿੱਲੀ ਵਿੱਚ ਹੋਏ ਰਾਸ਼ਟਰੀ ਆਜੀਵਿਕਾ ਸੰਮੇਲਨ ਵਿੱਚ “ਲਖਪਤੀ ਦੀਦੀ”ਸਨਮਾਨ ਮਿਲਿਆ। ਉਨ੍ਹਾਂ ਨੇ ਦੇਸ਼ ਭਰ ਤੋਂ ਆਈਆਂ ਮਹਿਲਾਵਾਂ ਨਾਲ ਆਪਣੀ ਪ੍ਰੇਰਣਾਦਾਇਕ ਯਾਤਰਾ ਸਾਂਝੀ ਕੀਤੀ। ਇਸ ਤੋਂ ਇਲਾਵਾ, ਸਤਿਗੁਰੂ ਸਵੈ ਸਹਾਇਤਾ ਸਮੂਹ ਦੀ ਮਮਤਾ ਅਰੋੜਾ ਨੇ ਵੀ ਦਿੱਲੀ ਵਿਚ ਹੋਏ ਸਸਟੇਨੇਬਲ ਮਾਡਲਜ਼ ਦੇ ਰਾਹੀਂ ਮਹਿਲਾ ਉਦਮਾਂ ਨੂੰ ਅੱਗੇ ਵਧਾਉਣਾ ਵਿਸ਼ੇ ’ਤੇ ਕਰਵਾਈ ਰਾਸ਼ਟਰੀ ਮਹਿਲਾ ਉਦਮੀਤਾ ਸੰਮੇਲਨ ’ਚ ਹਿੱਸਾ ਲਿਆ ਅਤੇ ਆਪਣੇ ਅਨੁਭਵ ਸਾਂਝੇ ਕੀਤੇ। ਇਸ ਮੌਕੇ ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ ਦੀ ਮੁੱਖ ਸਕੱਤਰ ਸਵਾਤੀ ਸ਼ਰਮਾ ਵੀ ਮੌਜੂਦ ਸਨ। ਪਿੰਡ ਦੀ ਸ਼ੀਲਾ ਦੇਵੀ ਫਤਿਹ ਸਵੈ ਸਹਾਇਤਾ ਸਮੂਹ ਦੀ ਨੁਮਾਇੰਦਗੀ ਕਰਦਿਆਂ ਪ੍ਰਿੰਟਿਡ ਸੂਟ ਤਿਆਰ ਕਰ ਰਹੀ ਹੈ ਅਤੇ ਹੋਰ ਮਹਿਲਾਵਾਂ ਲਈ ਆਤਮ-ਨਿਰਭਰਤਾ ਦੀ ਮਿਸਾਲ ਬਣ ਰਹੀ ਹੈ। ਵਿਰਾਸਤ ਮੇਲੇ ਵਿਚ ਇਨ੍ਹਾਂ ਤਿੰਨ ਸਮੂਹਾਂ ਨੂੰ ਆਪਣੇ ਉਤਪਾਦ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲਿਆ, ਜਿੱਥੇ ਉਨ੍ਹਾਂ ਦੀ ਮਹਿਨਤ ਅਤੇ ਹੁਨਰ ਨੂੰ ਵਿਆਪਕ ਸ਼ਲਾਘਾ ਮਿਲੀ।