ਬਾਬਾ ਕਾਲੂ ਨਾਥ ਦਾ ਮੇਲਾ ਅਮਿਟ ਯਾਦਾਂ ਛੱਡਦਾ ਸਮਾਪਤ
ਬਾਬਾ ਕਾਲੂ ਨਾਥ ਸਲਾਨਾ ਜੋੜ ਮੇਲਾ ਅਮਿਟ ਯਾਦਾਂ ਨਾਲ ਸੰਪੰਨ
Publish Date: Mon, 23 Mar 2026 05:54 PM (IST)
Updated Date: Tue, 24 Mar 2026 04:05 AM (IST)

ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ, ਨਥਾਣਾ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤਕ ਚੱਲਿਆ ਆਉਂਦਾ ਮੇਲਾ ਬਾਬਾ ਕਾਲੂ ਨਾਥ ਜੀ ਆਪਣੀਆਂ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਇਸ ਮੇਲੇ ਵਿਚ ਸ਼ਰਧਾਲੂਆਂ ਨੇ ਬਾਬਾ ਕਾਲੂ ਨਾਥ ਜੀ ਦੇ ਮੰਦਰ ਵਿਖੇ ਮੱਥਾ ਟੇਕਿਆ ਅਤੇ ਨਵੀਆਂ ਵਿਆਹੀਆਂ ਜੋੜੀਆਂ ਨੇ ਮਿੱਟੀ ਕੱਢੀ ਅਤੇ ਗੁਰਦੁਆਰਾ ਗੁਰੂਸਰ ਛੇਵੇਂ ਪਾਤਸ਼ਾਹੀ ਵਿਖੇ ਮੱਥਾ ਟੇਕ ਕੇ ਗੁਰੂ ਦਾ ਆਸ਼ੀਰਵਾਦ ਲਿਆ। ਬਾਬਾ ਕਾਲੂ ਨਾਥ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਗੀ ਨੇ ਕਲੱਬ ਦੇ ਮੈਂਬਰਾਂ ਨਾਲ ਮਿਲ ਕੇ ਮੰਦਰ ਨੂੰ ਜਾਣ ਵਾਲੇ ਸਾਰੇ ਰਸਤੇ ਉੱਪਰ ਝੰਡੀਆਂ ਲਗਾਈਆਂ ਅਤੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ। ਮੇਲੇ ਵਿੱਚ ਚੰਡੋਲਾਂ ਤੇ ਬੱਚਿਆਂ ਨੇ ਖੂਬ ਆਨੰਦ ਮਾਣਿਆ। ਵਿਰਸਾ ਸੰਭਾਲ ਕਮੇਟੀ ਨੇ ਪਿਛਲੇ ਚਾਰ ਦਿਨਾਂ ਤੋਂ ਕਵਿਸ਼ਰ ਢਾਡੀ ਨਕਲੀਏ ਅਤੇ ਭੰਡ ਤੇ ਜਾਦੂ ਦੇ ਟ੍ਰਿਕ ਪੇਸ਼ ਕਰਕੇ ਦਰਸ਼ਕਾਂ ਨੂੰ ਮਨੋਰੰਜਨ ਦਿੱਤਾ। ਕੁਲਦੀਪ ਚੱਠੇ ਅਤੇ ਬਾਪੂ ਮੇਵਾ ਸਿੰਘ ਪਾਲਿਆ ਨੇ ਹੀਰ ਸੁਣਾ ਕੇ ਦਰਸ਼ਕਾਂ ਦੀਆਂ ਤਾੜੀਆ ਬਟੋਰੀਆ ਅਤੇ ਭੰਡ ਦਾ ਕਿਰਦਾਰ ਅਵਤਾਰ ਸਿੰਘ ਚਿੜਿਕ ਨੇ ਲੋਕਾਂ ਨੂੰ ਹੱਸਾ ਕੇ ਵਾਹ ਵਾਹ ਖੱਟੀ। ਆਏ ਹੋਏ ਦਰਸ਼ਕਾਂ ਲਈ ਠੰਡੇ ਪਾਣੀ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਗਈ। ਮੇਲੇ ਵਿਚ ਖੇਡਾਂ ਦਾ ਵੀ ਜਲਵਾ ਰਿਹਾ। ਖੇਡ ਮੈਦਾਨ ਵਿਚ ਕਬੱਡੀ ਦੇ ਮੈਚ, ਪੁਰਾਤਨ ਸਮੇਂ ਤੋਂ ਚੱਲ ਰਹੇ ਘੋਲ, ਅਤੇ ਝੰਡੇ ਦੀ ਕੁਸ਼ਤੀ ਦੇ ਮੁਕਾਬਲੇ ਕਰਵਾਏ ਗਏ। ਅਖੀਰਲੇ ਦਿਨ ਰੱਸਾ ਕਸੀ ਅਤੇ ਕੁੜੀਆਂ ਦੀ ਕਬੱਡੀ ਦੇ ਮੈਚ ਵੀ ਹੋਏ। ਕਬੱਡੀ ਅਤੇ ਪਹਿਲਵਾਨਾਂ ਨੂੰ ਇਨਾਮ ਬਾਬਾ ਦਰਸ਼ਨ ਦਾਸ ਵੱਲੋਂ ਵੰਡੇ ਗਏ। ਇਸ ਮੌਕੇ ਸਰਬਜੀਤ ਸਿੰਘ ਐਮਸੀ, ਗੁਰਪਿਆਰ ਸਿੰਘ ਰਿਚੀ, ਮਿੰਟੂ ਕਬੱਡੀ ਪਲੇਅਰ, ਚਰਨੀ ਕੋਚ, ਡਾ. ਜਗਸੀਰ, ਗੁਰਬਚਨ ਸਿੰਘ, ਮਾਸਟਰ ਚਮਕੌਰ ਸਿੰਘ, ਮਾਸਟਰ ਜਸਬੀਰ, ਬੂਟਾ ਸਿੰਘ, ਜਸਵੰਤ ਸਿੰਘ ਅਤੇ ਭੋਲਾ ਸਿੰਘ ਹਾਜ਼ਰ ਰਹੇ।