ਹਾਦਸੇ ‘ਚ ਤਿੰਨ ਦੀ ਮੌਤ, ਨਸ਼ਾ ਛੁਡਾਓ ਕੇਂਦਰ ਦੇ ਸੰਚਾਲਕਾਂ ਖ਼ਿਲਾਫ਼ ਕੇਸ ਦਰਜ
ਸੜਕ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ, ਨਸ਼ਾ ਛੁਡਾਓ ਕੇਂਦਰ ਦੇ ਸੰਚਾਲਕਾਂ ਖ਼ਿਲਾਫ਼ ਕੇਸ ਦਰਜ
Publish Date: Mon, 23 Mar 2026 05:03 PM (IST)
Updated Date: Tue, 24 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਮੌੜ ਖੇਤਰ ਵਿਚ ਸ਼ਨੀਵਾਰ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਦੇ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਨੇ ਨਸ਼ਾ ਛੁਡਾਓ ਕੇਂਦਰ ਦੇ ਸੰਚਾਲਕਾਂ ਖ਼ਿਲਾਫ਼ ਲਾਪਰਵਾਹੀ ਦਾ ਕੇਸ ਦਰਜ ਕੀਤਾ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਸੰਚਾਲਕਾਂ ਦੀ ਗੰਭੀਰ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ। ਥਾਣਾ ਮੌੜ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸੁਖਵਿੰਦਰ ਸਿੰਘ ਵਾਸੀ ਪਿੰਡ ਧਨੌਲਾ (ਜ਼ਿਲ੍ਹਾ ਬਰਨਾਲਾ) ਨੇ ਦੱਸਿਆ ਕਿ ਪਿੰਡ ਰੋੜੀ ਵਿਚ ਰਣਜੀਤ ਸਿੰਘ, ਅਰੁਣ ਕੁਮਾਰ ਵਾਸੀ ਰਤੀਆ ਤੇ ਉਨ੍ਹਾਂ ਦਾ ਇਕ ਹੋਰ ਸਾਥੀ ਨਸ਼ਾ ਛੁਡਾਓ ਕੇਂਦਰ ਚਲਾ ਰਹੇ ਹਨ। ਉਸਨੇ ਦੱਸਿਆ ਕਿ ਉਸਦਾ ਪੁੱਤਰ ਬਲਪ੍ਰੀਤ ਸਿੰਘ ਇਸ ਕੇਂਦਰ ਵਿਚ ਦਾਖ਼ਲ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੇ ਸੰਚਾਲਕਾਂ ਨੇ ਬਲਪ੍ਰੀਤ ਸਿੰਘ ਸਮੇਤ ਹੋਰ ਮਰੀਜ਼ਾਂ ਹਰਪ੍ਰੀਤ ਸਿੰਘ, ਗੁਰਸਿਮਰਨ ਸਿੰਘ ਤੇ ਜਸ਼ਨਦੀਪ ਸਿੰਘ, ਜਿਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ, ਨੂੰ ਇਕ ਹੋਰ ਨੌਜਵਾਨ ਅਮਨਦੀਪ ਸਿੰਘ ਨੂੰ ਲਿਆਉਣ ਲਈ ਕਾਰ ਵਿਚ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜਦੋਂ ਇਹ ਨੌਜਵਾਨ ਕਾਰ ਰਾਹੀਂ ਪਿੰਡ ਸੰਦੋਹਾ ਦੇ ਨੇੜੇ ਪਹੁੰਚੇ ਤਾਂ ਕਾਰ ਬੇਕਾਬੂ ਹੋ ਗਈ। ਕਾਰ ਪਹਿਲਾਂ ਸੜਕ ਕੰਢੇ ਲੱਗੀ ਲੋਹੇ ਦੀ ਗਰਿੱਲ ਨਾਲ ਟਕਰਾਈ ਅਤੇ ਫਿਰ ਖੇਤਾਂ ਵਿਚ ਪਲਟ ਗਈ। ਇਸ ਭਿਆਨਕ ਹਾਦਸੇ ਵਿਚ ਬਲਪ੍ਰੀਤ ਸਿੰਘ (26), ਹਰਪ੍ਰੀਤ ਸਿੰਘ (25) ਤੇ ਗੁਰਸਿਮਰਨ ਸਿੰਘ (30) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਮ੍ਰਿਤਕਾਂ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਥਾਣਾ ਮੌੜ ਦੇ ਐੱਸਐੱਚਓ ਤਰਨਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਹਾਦਸਾ ਤੇਜ਼ ਰਫ਼ਤਾਰ ਅਤੇ ਵਾਹਨ ਦੇ ਬੇਕਾਬੂ ਹੋਣ ਕਾਰਨ ਵਾਪਰਿਆ ਹੈ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮਰੀਜ਼ਾਂ ਨੂੰ ਇਸ ਹਾਲਤ ’ਚ ਬਾਹਰ ਭੇਜਣਾ ਨਿਯਮਾਂ ਦੇ ਖ਼ਿਲਾਫ਼ ਸੀ ਜਾਂ ਨਹੀਂ। ਪੁਲਿਸ ਵੱਲੋਂ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।