ਨੌਜਵਾਨ ਦੇ ਲਾਪਤਾ ਹੋਣ ਦੇ ਮਾਮਲੇ ’ਚ ਇਕ ਕਾਬੂ
ਸ਼ੱਕੀ ਹਾਲਾਤਾਂ ’ਚ ਨੌਜਵਾਨ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਇਕ ਗ੍ਰਿਫ਼ਤਾਰ
Publish Date: Wed, 25 Feb 2026 04:25 PM (IST)
Updated Date: Thu, 26 Feb 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਤਲਵੰਡੀ ਸਾਬੋਂ ਖੇਤਰ ਵਿਚ ਇਕ ਨੌਜਵਾਨ ਦੇ ਸ਼ੱਕੀ ਹਾਲਾਤ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਲਾਪਤਾ ਵਿਅਕਤੀ ਦੀ ਪਤਨੀ ਦੀ ਸ਼ਿਕਾਇਤ ‘ਤੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮਨਪ੍ਰੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਜੀਵਨ ਸਿੰਘ ਵਾਲਾ ਨੇ ਦੱਸਿਆ ਕਿ ਉਸਦਾ ਪਤੀ ਅਵਤਾਰ ਸਿੰਘ ਮੁਲਜ਼ਮ ਪਵਨਦੀਪ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਜੀਵਨ ਸਿੰਘ ਵਾਲਾ ਅਤੇ ਕੁਝ ਅਣਪਛਾਤਿਆਂ ਨਾਲ ਇਕ ਕਾਰ ’ਚ ਕਿਤੇ ਗਿਆ ਸੀ। ਪਵਨਦੀਪ ਸਿੰਘ 30 ਅਕਤੂਬਰ, 2025 ਨੂੰ ਕਾਰ ਲੈ ਕੇ ਪਿੰਡ ਵਾਪਸ ਆਇਆ ਪਰ ਉਸਦਾ ਪਤੀ ਘਰ ਨਹੀਂ ਪਰਤਿਆ। ਮਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਸਨੇ ਆਪਣੇ ਪਤੀ ਬਾਰੇ ਪੁੱਛਿਆ, ਤਾਂ ਪਵਨਦੀਪ ਸਿੰਘ ਉਸਦੇ ਸਵਾਲਾਂ ਨੂੰ ਟਾਲਦਾ ਰਿਹਾ ਅਤੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਇਸ ਕਾਰਨ ਉਸਨੂੰ ਸ਼ੱਕ ਹੋਇਆ ਕਿ ਉਸਦੇ ਪਤੀ ਨੂੰ ਕਿਸੇ ਅਣਜਾਣ ਥਾਂ 'ਤੇ ਲੁਕਾਇਆ ਗਿਆ ਹੈ। ਔਰਤ ਨੇ ਡਰ ਪ੍ਰਗਟ ਕਰਦਿਆਂ ਕਿਹਾ ਕਿ ਉਸਦੇ ਪਤੀ ਨਾਲ ਕੋਈ ਅਣਸੁਖਾਵੀ ਘਟਨਾ ਵਾਪਰੀ ਹੋਵੇਗੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪਵਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ।