ਬਿਜਲੀ ਦੇ ਟਾਵਰਾਂ ਤੋਂ ਸਾਮਾਨ ਚੋਰੀ ਕਰਨ ਵਾਲਾ ਨਾਮਜ਼ਦ
ਬਿਜਲੀ ਦੇ ਟਾਵਰਾਂ ਤੋਂ ਸਮਾਨ ਚੋਰੀ ਕਰਨ ਵਾਲਾ ਨਾਮਜਦ
Publish Date: Tue, 24 Feb 2026 05:29 PM (IST)
Updated Date: Wed, 25 Feb 2026 04:05 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਚੋਰਾਂ ਨੇ ਜਿੱਥੇ ਬਿਜਲੀ ਦੇ ਟਾਵਰਾਂ ਤੋਂ ਸਾਮਾਨ ਚੋਰੀ ਕਰ ਲਿਆ, ਉੱਥੇ ਹੀ ਇਕ ਗੋਦਾਮ ਵਿੱਚੋਂ 75 ਗੱਟੇ ਚੌਲਾਂ ਦੇ ਚੋਰੀ ਕਰ ਲਏ। ਥਾਣਾ ਨਥਾਣਾ ਦੀ ਪੁਲਿਸ ਨੇ ਸਬ ਸਟੇਸ਼ਨ ਲਹਿਰਾ ਮੁਹੱਬਤ ਵਿੱਚੋਂ ਟਾਵਰਾਂ ਤੋਂ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿਚ ਪੀਐਸਟੀਸੀਐਲ ਦੇ ਜੂਨੀਅਰ ਇੰਜੀਨੀਅਰ ਰਕੇਸ਼ ਕੁਮਾਰ ਨੇ ਦੱਸਿਆ ਕਿ ਤੇਜ ਸਿੰਘ ਵਾਸੀ ਚੱਕ ਬਖਤੂ 220 ਕੇਵੀ ਸਬ ਸਟੇਸ਼ਨ ਲਹਿਰਾ ਮੁਹੱਬਤ ਵਿੱਚੋਂ ਟਾਵਰ ਨੰਬਰ 19 ਤੋਂ 70 ਐਂਗਲਾਂ ਸਪੋਰਟ ਰਾਡ ਚੋਰੀ ਕਰਕੇ ਲੈ ਗਿਆ। ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੀਮਤ ਕਰੀਬ 20000 ਬਣਦੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਖਿਲਾਫ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਹੀ ਥਾਣਾ ਰਾਮਾਂ ਮੰਡੀ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਸਾਹਿਲ ਕੁਮਾਰ ਵਾਸੀ ਰਾਮਾਂ ਮੰਡੀ ਨੇ ਦੱਸਿਆ ਕਿ 5 ਤੇ 6 ਫਰਵਰੀ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀ ਉਸਦੇ ਗੋਦਾਮ ਵਿਚ ਦਾਖਲ ਹੋਏ ਅਤੇ ਗੋਦਾਮ ਵਿੱਚੋਂ 75 ਗੱਟੇ ਚੌਲਾਂ ਦੇ ਚੋਰੀ ਕਰਕੇ ਲੈ ਗਏ। ਪੀੜਤ ਅਨੁਸਾਰ ਚੋਰੀ ਹੋਏ ਚੌਲਾਂ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਬਣਦੀ ਹੈ। ਥਾਣਾ ਰਾਮਾਂ ਮੰਡੀ ਦੇ ਸਬ ਇੰਸਪੈਕਟਰ ਗੁਰਤੇਜ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।