ਸਰਵਾਈਕਲ ਕੈਂਸਰ ਤੋਂ ਬਚਾਅ ਲਈ ਜਾਂਚ ਕੈਂਪ 27 ਤੋਂ
ਸਰਵਾਇਕਲ ਕੈਂਸਰ ਤੋਂ ਬਚਾਅ ਲਈ ਮੁਫ਼ਤ ਚੈਕਅਪ ਕੈਂਪ 27 ਅਤੇ 28 ਫਰਵਰੀ ਨੂੰ
Publish Date: Tue, 24 Feb 2026 05:18 PM (IST)
Updated Date: Wed, 25 Feb 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਔਰਤਾਂ ਦੀ ਸਿਹਤ ਸੰਭਾਲ ਅਤੇ ਸਰਵਾਈਕਲ ਕੈਂਸਰ ਦੀ ਸਮੇਂ ਸਿਰ ਪਛਾਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਿਵਲ ਹਸਪਤਾਲ ਬਠਿੰਡਾ ਵਿਖੇ 27 ਤੇ 28 ਫਰਵਰੀ ਨੂੰ ਵਿਸ਼ੇਸ਼ ਸਰਵਾਈਕਲ ਕੈਂਸਰ ਸਕ੍ਰੀਨਿੰਗ (ਚੈਕਅਪ) ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਆਧੁਨਿਕ ਮਸ਼ੀਨਾਂ ਰਾਹੀ ਔਰਤਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਇਸ ਚੈਕਅਪ ’ਚ ਸਰਵਾਈਕਲ ਕੈਂਸਰ ਦੀ ਸ਼ੁਰੂਆਤੀ ਪੜਾਅ ਵਿੱਚ ਪਛਾਣ ਕਰਨ ਲਈ ਲੁੜੀਂਦੇ ਟੈਸਟ ਕੀਤੇ ਜਾਣਗੇ, ਤਾਂ ਜੋ ਸਮੇਂ ਸਿਰ ਇਲਾਜ ਸ਼ੁਰੂ ਕਰਕੇ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ। ਸਰਵਾਈਕਲ ਕੈਂਸਰ ਔਰਤਾਂ ਵਿੱਚ ਪਾਈ ਜਾਣ ਵਾਲੀ ਇੱਕ ਗੰਭੀਰ ਬਿਮਾਰੀ ਹੈ, ਪਰ ਜੇਕਰ ਇਸਦੀ ਸਮੇਂ ਸਿਰ ਸਕ੍ਰੀਨਿੰਗ ਕਰਵਾਈ ਜਾਵੇ ਤਾਂ ਇਸ ਤੋਂ ਪੂਰੀ ਤਰ੍ਹਾਂ ਬਚਾਅ ਅਤੇ ਇਲਾਜ ਸੰਭਵ ਹੈ। ਇਸ ਲਈ 30 ਤੋਂ 65 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਖ਼ਾਸ ਤੌਰ ’ਤੇ ਇਸ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ ਗਈ ਹੈ। ਸਿਵਲ ਸਰਜਨ ਨੇ ਜ਼ਿਲ੍ਹੇ ਦੀਆਂ ਸਮੂਹ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਚੈਕਅਪ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਣੀ ਸਿਹਤ ਦੀ ਜਾਂਚ ਜ਼ਰੂਰ ਕਰਵਾਉਣ ਅਤੇ ਹੋਰ ਔਰਤਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ।