ਭਾਕਿਯੂ ਮਾਲਵਾ ਵੱਲੋਂ ਐੱਮਪੀ ਹਰਸਿਮਰਤ ਬਾਦਲ ਨੂੰ ਮੰਗ-ਪੱਤਰ
ਬੀਕੇਯੂ ਮਾਲਵਾ ਨੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਮੰਗ ਪੱਤਰ ਸੌਂਪਿਆ
Publish Date: Sat, 21 Feb 2026 06:25 PM (IST)
Updated Date: Sun, 22 Feb 2026 04:10 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ
ਪਿੰਡ ਕੋਟ ਸ਼ਮੀਰ ਵਿਖੇ ਨਿੱਜੀ ਸਮਾਗਮ ਵਿੱਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਮਾਲਵਾ) ਦੇ ਸੂਬਾ ਕਮੇਟੀ ਮੈਂਬਰਾਂ ਵੱਲੋਂ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਇੱਕ ਵਿਸਥਾਰ ਪੂਰਵਕ ਮੰਗ ਪੱਤਰ ਸੌਂਪ ਕੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਜੁੜੇ ਅਹਿਮ ਮਸਲਿਆਂ ’ਤੇ ਤੁਰੰਤ ਦਖ਼ਲ ਦੀ ਮੰਗ ਕੀਤੀ ਗਈ। ਇਸ ਮੌਕੇ ਜਥੇਬੰਦੀ ਨੇ ਕਿਹਾ ਕਿ ਖੇਤੀ ਸੈਕਟਰ ਇਸ ਵੇਲੇ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਸਮੱਸਿਆ ਹੋਰ ਵਧਾਈ ਹੈ। ਮੰਗ ਪੱਤਰ ਵਿੱਚ ਅਮਰੀਕਾ ਨਾਲ ਕੀਤੇ ਜਾ ਰਹੇ ਫਰੀ ਟਰੇਡ ਸਮਝੌਤੇ ਵਿੱਚ ਖੇਤੀ ਅਤੇ ਸਹਾਇਕ ਧੰਦਿਆਂ ਨੂੰ ਸ਼ਾਮਲ ਨਾ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਆਗੂਆਂ ਨੇ ਦਲੀਲ ਦਿੱਤੀ ਕਿ ਇਸ ਤਰ੍ਹਾਂ ਦਾ ਸਮਝੌਤਾ ਦੇਸ਼ ਦੀ ਖੇਤੀਬਾੜੀ ਨੂੰ ਕਾਰਪੋਰੇਟ ਹਿਤਾਂ ਅੱਗੇ ਕਮਜ਼ੋਰ ਕਰ ਸਕਦਾ ਹੈ। ਇਸ ਸੰਦਰਭ ਵਿੱਚ ਕੇਂਦਰੀ ਵਪਾਰ ਮੰਤਰੀ ਪਿਯੂਸ਼ ਗੋਇਲ ਨੂੰ ਬਰਖਾਸਤ ਕਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਝੌਤੇ ’ਤੇ ਦਸਤਖ਼ਤ ਨਾ ਕਰਨ ਲਈ ਨਿਰਦੇਸ਼ ਜਾਰੀ ਕਰਨ ਦੀ ਅਪੀਲ ਵੀ ਕੀਤੀ ਗਈ। ਜਥੇਬੰਦੀ ਨੇ ਕਿਸਾਨਾਂ-ਮਜ਼ਦੂਰਾਂ ਦੀ ਪੂਰੀ ਕਰਜ਼ਾ ਮੁਕਤੀ ਲਈ ਕਾਨੂੰਨੀ ਪ੍ਰਬੰਧ ਬਣਾਉਣ, ਸੁਆਮੀਨਾਥਨ ਫਾਰਮੂਲੇ ਅਨੁਸਾਰ ਐਮ ਐਸ ਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦੇਣ ਅਤੇ ਪ੍ਰਸਤਾਵਿਤ ਬਿਜਲੀ ਤੇ ਬੀਜ ਬਿਲ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਪੰਜਾਬ ਵਿੱਚ ਗੰਭੀਰ ਹੋ ਰਹੇ ਪਾਣੀ ਸੰਕਟ ’ਤੇ ਚਿੰਤਾ ਪ੍ਰਗਟਾਉਂਦਿਆਂ ਆਗੂਆਂ ਨੇ ਕਿਹਾ ਕਿ ਵਿਤਕਰੇ ਪੂਰਨ ਪਾਣੀ ਸਮਝੌਤਿਆਂ ਨੂੰ ਰੱਦ ਕਰਕੇ ਸੂਬੇ ਦੇ ਹੱਕ ਯਕੀਨੀ ਬਣਾਏ ਜਾਣ ਅਤੇ ਹਰ ਘਰ ਨੂੰ ਸਾਫ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਜਾਵੇ।
ਇਸ ਤੋਂ ਇਲਾਵਾ ਜਿਉਂਦ (ਬਠਿੰਡਾ) ਵਿਖੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ’ਤੇ ਹੋਈ ਕਾਰਵਾਈ ਦੀ ਨਿਖੇਧੀ ਕਰਦਿਆਂ ਜਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਆਲੂ ਉਤਪਾਦਕ ਕਿਸਾਨਾਂ ਨੂੰ ਘੱਟੋ-ਘੱਟ 12 ਰੁਪਏ ਪ੍ਰਤੀ ਕਿਲੋ ਰੇਟ ਯਕੀਨੀ ਬਣਾਉਣ ਅਤੇ ਠੱਗੀ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਵੀ ਮੰਗ ਰੱਖੀ ਗਈ।
ਜਥੇਬੰਦੀ ਨੇ ਉਮੀਦ ਜਤਾਈ ਕਿ ਸੰਸਦ ਮੈਂਬਰ ਉਪਰੋਕਤ ਮਸਲਿਆਂ ਨੂੰ ਸੰਸਦ ਅਤੇ ਸਬੰਧਤ ਮੰਚਾਂ ’ਤੇ ਪੂਰੇ ਜ਼ੋਰ ਨਾਲ ਉਠਾਉਣ ਦੀ ਮੰਗ ਕੀਤੀ ਗਈ। ਮੈਂਬਰ ਪਾਰਲੀਮੈਂਟ ਵੱਲੋਂ ਕਿਸਾਨ ਯੂਨੀਅਨ ਦੇ ਆਗੂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਆਪ ਵੱਲੋਂ ਦਿੱਤੇ ਮੰਗ ਪੱਤਰ ਸਬੰਧੀ ਮੰਗਾ ਨੂੰ ਜ਼ਰੂਰ ਸਦਨ ਵਿੱਚ ਉਠਾਇਆ ਜਾਵੇਗਾ।