- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਨੇਡੀਅਨ ਵਿਗਿਆਨੀਆਂ ਦੇ ਵਫ਼ਦ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਤਲਵੰਡੀ ਸਾਬੋ
ਮੈਕਗਿਲ ਯੂਨੀਵਰਸਿਟੀ, ਮੌਂਟਰੀਅਲ ਦੇ ਨਾਮੀ ਖੇਤੀ ਵਿਗਿਆਨੀ ਪ੍ਰੋ.(ਡਾ.) ਸ਼ਿਵ ਓ. ਪਰਾਸ਼ਰ ਅਤੇ ਗੁਇਲਫ਼ ਯੂਨੀਵਰਸਿਟੀ ਗੁਇਲਫ਼, ਕੈਨੇਡਾ ਦੇ ਪ੍ਰੋ. (ਡਾ.) ਰਮੇਸ਼ ਪੀ. ਰੁਦਰਾ ਅਤੇ ਕਰਨਲ ਸੁਨੀਲ ਸ਼ਰਮਾ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਧਰਤੀ ਹੇਠਲੇ ਪਾਣੀ, ਜਲਵਾਯੂ ਪਰਿਵਰਤਣ ਅਤੇ ਗੰਧਲੇ ਹੁੰਦੇ ਆਲੇ-ਦੁਆਲੇ ਬਾਰੇ ਵਰਸਿਟੀ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ, ਪਰੋ. ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ, ਵੱਖ-ਵੱਖ ਵਿਭਾਗਾਂ ਦੇ ਡਾਇਰੈਕਟਰ, ਡੀਨ ਅਤੇ ਅਧਿਆਪਕ ਹਾਜ਼ਰ ਸਨ। ਇਸ ਮੌਕੇ ਡਾ. ਪਰਾਸ਼ਰ ਨੇ ਜਲਵਾਯੂ ਪਰਿਵਰਤਨ ਕਾਰਨ ਵਿਸ਼ਵੀ ਪੱਧਰ ਤੇ ਆ ਰਹੇ ਬਦਲਾਵਾਂ ਦੀ ਗੱਲ ਕਰਦਿਆਂ ਕਿਹਾ ਕਿ ਧਰਤੀ ਦਾ ਵੱਧ ਰਿਹਾ ਤਾਪਮਾਨ ਭਵਿੱਖ ਵਿਚ ਫਸਲਾਂ ਲਈ ਕਾਫੀ ਨੁਕਸਾਨਦਾਇਕ ਹੋਣ ਵਾਲਾ ਹੈ। ਇਸ ਲਈ ਖੇਤੀ ਵਿਗਿਆਨੀਆਂ ਨੂੰ ਬਦਲਦੀ ਜਲਵਾਯੂ ਅਨੁਸਾਰ ਨਵੇਂ ਸੁਧਰੀਆਂ ਤਕਨੀਕਾਂ ’ਤੇ ਕੰਮ ਕਰਨਾ ਪਵੇਗਾ ਜੋ ਇਸ ਵੱਧ ਰਹੇ ਤਾਪਮਾਨ ਨੂੰ ਸਹਿਣ ਕਰ ਸਕਣ। ਉਨ੍ਹਾਂ ਭਾਰਤ ਵਿਚ ਕਿਸਾਨਾਂ ਵੱਲੋਂ ਵੱਧ ਮਾਤਰਾ ਵਿੱਚ ਕੀਤੀ ਜਾ ਰਹੀ ਜ਼ਹਿਰਾਂ ਦੀ ਵਰਤੋਂ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਧਰਤੀ ਦੀ ਸਿਹਤ ਅਤੇ ਪਾਣੀ ਮਾੜਾ ਅਸਰ ਪੈਂਦਾ ਹੈ। ਇਸ ਲਈ ਸਾਨੂੰ ਅਜਿਹੀਆਂ ਫਸਲਾਂ ਅਤੇ ਅਜਿਹੇ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ, ਜਿਸ ਨਾਲ ਧਰਤੀ ਅਤੇ ਪਾਣੀ ਦੀ ਗੁਣਵੱਤਾ ਬਣੀ ਰਹੇ। ਡਾ. ਰੁਦਰਾ ਨੇ ਧਰਤੀ ਹੇਠਲੇ ਪਾਣੀ ਵਿੱਚ ਵੱਧ ਰਹੀ ਨਾਇਟ੍ਰੇਟ ਦੀ ਮਾਤਰਾ ਦੀ ਗੱਲ ਕਰਦਿਆਂ ਕਹਾ ਕਿ ਸਾਨੂੰ ਅਜਿਹੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ ਜੋ ਘੱਟ ਪਾਣੀ ਅਤੇ ਬਿਨਾਂ ਜ਼ਹਿਰਾਂ ਦੀ ਵਰਤੋਂ ਤੇ ਵੱਧ ਝਾੜ ਦੇ ਸਕਣ। ਉਨ੍ਹਾਂ ਵਿਸ਼ਵ ਵਿਚ ਵਰਤੇ ਜਾ ਰਹੇ ਬੋਤਲ ਬੰਦ ਪਾਣੀ ਤੇ ਆਪਣੀ ਰਾਏ ਦਿੰਦਿਆਂ ਕਿਹਾ ਕਿ ਵਿਗਿਆਨੀਆਂ ਦੀ ਖੋਜ ਅਨੁਸਾਰ ਇਸ ਵਿੱਚ ਮਾਇਕਰੋ ਅਤੇ ਨੈਨੋ ਪਲਾਸਟਿਕ ਦੀ ਮਾਤਰਾ ਪਾਈ ਜਾ ਰਹੀ ਹੈ। ਜੋ ਮਨੁੱਖੀ ਜੀਵਨ ਲਈ ਹਾਣੀਕਾਰਕ ਹੈ। ਉਨ੍ਹਾਂ ਧਰਤੀ ਨੂੰ ਪਲਾਸਟਿਕ ਮੁਕਤ ਕਰਨ ਲਈ ਸਭਨਾਂ ਨੂੰ ਪ੍ਰੇਰਿਆ। ਵਫਦ ਦੇ ਪ੍ਰਤੀਨਿਧੀਆਂ ਦੀ ਜਾਣ-ਪਹਿਚਾਣ ਕਰਵਾਉਂਦੇ ਹੋਏ ਪਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਮਹਿਮਾਨ ਵਿਗਿਆਨੀਆਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਅਤੇ ਹਾਸਿਲ ਕੀਤੇ ਸਨਮਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਵੱਲੋਂ ਵਿਗਿਆਨਿਕ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਅਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਸਮੇਂ ਦੀ ਲੋੜ ਹੈ। ਉਨ੍ਹਾਂ ਮਹਿਮਾਨ ਵਫ਼ਦ ਦੇ ਵਿਗਿਆਨੀਆਂ ਵੱਲੋਂ ਖੇਤੀ ਵਿਚ ਪਾਣੀ ਦੀ ਸੁਚੱਜੀ ਵਰਤੋਂ ਅਤੇ ਮਿੱਟੀ ਦੀ ਜੈਵਿਕ ਸਮਰੱਥਾ ਵਧਾਉਣ ਲਈ ਕੀਤੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਮੁਖੀ ਯੋਜਨਾਵਾਂ ਰਾਹੀਂ ਉੱਭਰ ਰਹੀ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹੋਣ ਦੀ ਚਰਚਾ ਕੀਤੀ। ਵਿਗਿਆਨੀਆਂ ਦੇ ਵਫ਼ਦ ਵੱਲੋਂ ਹਾਜ਼ਰੀਨ ਦੀਆਂ ਸ਼ੰਕਾਵਾਂ ਦਾ ਨਿਵਾਰਨ ਕੀਤਾ ਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤੇ ਗਏ। ਵਿਗਿਆਨੀਆਂ ਨੇ ਯੂਨੀਵਰਸਿਟੀ ਦੌਰੇ ਸਮੇਂ ਵਰਸਿਟੀ ਕਮਿਉਨਿਟੀ ਰੇਡੀਓ ਸਟੇਸ਼ਨ, ਪ੍ਰੋਯਗਸ਼ਾਲਾਵਾਂ ਅਤੇ ਖੇਤਾਂ ਦਾ ਦੌਰਾ ਵੀ ਕੀਤਾ। ‘ਵਰਸਿਟੀ ਵੱਲੋਂ ਮਹਿਮਾਨਾਂ ਨੂੰ ਦੁਸ਼ਾਲੇ ਅਤੇ ਯਾਦ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।