1.34 ਕਿੱਲੋ ਅਫੀਮ ਤੇ 49 ਗ੍ਰਾਮ ਹੈਰੋਇਨ ਸਣੇ 7 ਕਾਬੂ
1 ਕਿਲੋ 34 ਗ੍ਰਾਮ ਅਫੀਮ ਅਤੇ 49 ਗ੍ਰਾਮ ਹੈਰੋਇਨ ਸਮੇਤ ਸੱਤ ਗ੍ਰਿਫਤਾਰ
Publish Date: Fri, 20 Feb 2026 04:28 PM (IST)
Updated Date: Sat, 21 Feb 2026 04:03 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਸੱਤ ਵਿਅਕਤੀਆਂ ਨੂੰ 1.34 ਕਿੱਲੋਗ੍ਰਾਮ ਅਫੀਮ ਤੇ 49 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਸੀਆਈਏ ਸਟਾਫ ਇਕ ਦੀ ਟੀਮ ਨੇ ਰਿੰਗ ਰੋਡ ਕੈਂਟ ਬਠਿੰਡਾ ਦੇ ਨੇੜੇ ਗਸ਼ਤ ਦੌਰਾਨ ਇਕ ਸ਼ੱਕੀ ਕਾਰ ਨੰਬਰ ਪੀਬੀ 05 ਏਟੀ 6470 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 1.34 ਕਿੱਲੋਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਪਾਰਟੀ ਨੇ ਕਾਰ ਵਿੱਚ ਸਵਾਰ ਦੋਵੇਂ ਮੁਲਜਮਾਂ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਅਰਸ਼ਦੀਪ ਸਿੰਘ ਤੇ ਦਿਲਪ੍ਰੀਤ ਸਿੰਘ ਵਾਸੀਆਨ ਫਿਰੋਜ਼ਪੁਰ ਵਜੋਂ ਹੋਈ ਹੈ। ਸੀਆਈਏ ਸਟਾਫ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਅਫ਼ੀਮ ਕਿੱਥੋਂ ਲੈ ਕੇ ਆਏ ਸਨ ਤੇ ਇਸ ਨੂੰ ਕਿੱਥੇ ਵੇਚਣਾ ਸੀ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਰਿੰਗ ਰੋਡ ’ਤੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਪਾਰਟੀ ਨੇ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਸ ਦੀ ਪਛਾਣ ਵਿਕਾਸ ਕੁਮਾਰ ਵਾਸੀ ਧੋਬੀਆਨਾ ਬਸਤੀ ਬਠਿੰਡਾ ਵਜੋਂ ਹੋਈ ਹੈ। ਇਕ ਹੋਰ ਮਾਮਲੇ ਵਿੱਚ ਥਾਣਾ ਬਾਲਿਆਂਵਾਲੀ ਦੀ ਪੁਲਿਸ ਨੇ ਪਿੰਡ ਢੱਡੇ ਵਿੱਚ ਛਾਪਾਮਾਰੀ ਕਰਦਿਆਂ ਗੁਰਸਿਮਰਨ ਸਿੰਘ ਵਾਸੀ ਪਿੰਡ ਖੋਖਰ ਨੂੰ ਚਾਰ ਗ੍ਰਾਮ ਹੈਰੋਇਨ ਸਮੇਤ ਫੜਿਆ ਹੈ। ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਵੀ ਸੂਏ ਦੀ ਪੱਟੜੀ ’ਤੇ ਨਾਕੇਬੰਦੀ ਦੌਰਾਨ ਆਕਾਸ਼ਦੀਪ ਸਿੰਘ ਵਾਸੀ ਤਲਵੰਡੀ ਸਾਬੋ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਪਿੰਡ ਮਸ਼ਾਨਾ ’ਚ ਛਾਪੇਮਾਰੀ ਕਰਦਿਆਂ ਮਨਦੀਪ ਸਿੰਘ ਤੇ ਅਰਸ਼ਪ੍ਰੀਤ ਸਿੰਘ ਨੂੰ 15 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।