ਗੈਸ ਸਿਲੰਡਰ ਨਾ ਮਿਲਣ ਤੋਂ ਔਖੇ ਘੁੱਦਾ ਵਾਸੀਆਂ ਵੱਲੋਂ ਏਜੰਸੀ ਦੀ ਗੱਡੀ ਘੇਰ ਕੇ ਰੋਸ ਪ੍ਰਦਰਸ਼ਨ
-ਰਸੋਈ ਗੈਸ ਦੀ ਕਿੱਲਤ ਦਾ ਮਾਮਲਾ
Publish Date: Thu, 19 Feb 2026 06:44 PM (IST)
Updated Date: Thu, 19 Feb 2026 06:45 PM (IST)

- ਰਸੋਈ ਗੈਸ ਦੀ ਕਿੱਲਤ ਦਾ ਮਾਮਲਾ - ਸਾਬਕਾ ਸਰਪੰਚ ਦੇ ਪਤੀ ਵੱਲੋਂ ਆਨਲਾਈਨ ਬੁਕਿੰਗ ਵਾਲਿਆਂ ਦੀ ਖੱਜਲ-ਖੁਆਰੀ ਕਰਨ ਦੇ ਦੋਸ਼ - ਪਿੰਡ ਵਾਸੀਆਂ ਵੱਲੋਂ ਕਾਲਾਬਾਜ਼ਾਰੀ ’ਚ 50 ਸਿਲੰਡਰ ਵੇਚਣ ਦੇ ਦੋਸ਼ ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ : ਸੰਗਤ ਮੰਡੀ ਇਲਾਕੇ ’ਚ ਚੱਲ ਰਹੀ ਰਸੋਈ ਗੈਸ ਦੀ ਭਾਰੀ ਕਿੱਲਤ ਦਿਨੋਂ-ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਇਲਾਕੇ ’ਚ ਗੈਸ ਦੀ ਕਾਲਾਬਾਜ਼ਰੀ ਸ਼ਿਖਰਾਂ ’ਤੇ ਚੱਲ ਰਹੀ ਹੈ। ਪਿੰਡ ਦੀ ਸਾਬਕਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕਾਕਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਇੰਡੇਨ ਗੈਸ ਏਜੰਸੀ ਸੰਗਤ ਦੀ ਗੈਸ ਸਿਲੰਡਰ ਸਪਲਾਈ ਵਾਲੀ ਗੱਡੀ ਘੇਰ ਕੇ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀ ਆਨਲਾਈਨ ਬੁੱਕ ਕੀਤੇ ਗੈਸ ਸਿਲੰਡਰ ਵੀ ਕਈ ਕਈ ਦਿਨ ਨਾ ਮਿਲਣ ਤੋਂ ਔਖੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਪਿੰਡ ਵਾਸੀਆਂ ਵੱਲੋਂ ਗੈਸ ਸਿਲੰਡਰ ਸਪਲਾਈ ਕਰਨ ਆਏ ਮੁਲਾਜ਼ਮਾਂ ਤੋਂ ਆਨਲਾਈਨ ਬੁਕਿੰਗ ਵਾਲੀ ਲਿਸਟ ਮੰਗੀ ਗਈ ਤਾਂ ਉਹ ਕੋਈ ਵੀ ਲਿਸਟ ਨਹੀਂ ਦਿਖਾ ਸਕੇ। ਪਿੰਡ ਵਾਸੀਆਂ ਨੇ ਦੱਸਿਆ ਕਿ ਆਨਲਾਈਨ ਬੁਕਿੰਗ ਵਾਲਿਆਂ ਦੀ ਜਾਣਬੁੱਝ ਕੇ ਖੱਜਲ-ਖੁਆਰੀ ਕੀਤੀ ਜਾ ਰਹੀ ਹੈ ਪਰ ਪਿੰਡ ’ਚ ਬਿਨਾਂ ਓਟੀਪੀ ਤੋਂ ਵੀ ਇਕੱਠੇ 50 ਸਿਲੰਡਰ ਰਾਤ ਸਮੇਂ ਵੇਚ ਦਿੱਤੇ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ’ਚ ਸਥਿਤ ਸੈਂਟਰਲ ਯੂਨੀਵਰਸਿਟੀ ਅਤੇ ਹੋਰਨਾਂ ਦੁਕਾਨਦਾਰਾਂ ਨੂੰ ਕਾਲਾਬਾਜ਼ਾਰੀ ਤਹਿਤ ਵੱਧ ਰੁਪਏ ਵਸੂਲ ਕੇ ਗੈਸ ਸਿਲੰਡਰ ਵੇਚ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ, ਜਦੋਂਕਿ ਆਮ ਪਖਤਕਾਰਾਂ ਨੂੰ ਗੈਸ ਸਿਲੰਡਰ ਲੈਣ ਲਈ ਸਪਲਾਈ ਕਰਨ ਆਈਆਂ ਗੱਡੀਆਂ ਦੇ ਮੁਲਜ਼ਮਾਂ ਦੇ ਹਾੜੇ ਕੱਢਣੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਗੈਸ ਏਜੰਸੀ ਵੱਲੋਂ ਕਰੀਬ ਇੱਕ ਮਹੀਨਾ ਪਹਿਲਾਂ ਤਕ ਇਹ ਮੁਨਾਦੀ ਗੱਡੀਆਂ ’ਤੇ ਸਪੀਕਰ ਲਗਾ ਕੇ ਕੀਤੀ ਜਾਂਦੀ ਸੀ ਕਿ ਸੰਗਤ ਮੰਡੀ ਤੋਂ ਇੰਡੇਨ ਗੈਸ ਏਜੰਸੀ ਦੀ ਗੱਡੀ ਆ ਗਈ ਹੈ, ਜਿਹੜੇ ਵੀਰ ਭਰਾ ਨੇ ਸਿਲੰਡਰ ਭਰਾਉਣਾ ਹੋਵੇ ਭਰਵਾ ਸਕਦਾ ਹੈ ਪਰ ਇਹ ਮੁਨਾਦੀ ਹੁਣ ਬੀਤੇ ਸਮੇਂ ਦੀ ਗੱਲ ਹੋ ਗਈ ਜਾਪਦੀ ਹੈ। ਪ੍ਰਿਤਪਾਲ ਕਾਕਾ ਨੇ ਦੱਸਿਆ ਕਿ ਏਜੰਸੀ ਦੇ ਮਾਲਕਾਂ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਬੁਕਿੰਗ ਵਾਲੇ ਸਿਲੰਡਰ ਜਲਦੀ ਭੇਜ ਦਿੱਤੇ ਜਾਣਗੇ, ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਸਮਾਪਤ ਕਰ ਦਿੱਤਾ।