ਮੀਟਰਾਂ ਦੀ ਚੈਕਿੰਗ ਲਈ ਆਈ ਪਾਵਰਕਾਮ ਦੀ ਟੀਮ ਦਾ ਲੋਕਾਂ ਨੇ ਕੀਤਾ ਘਿਰਾਓ
ਮੀਟਰਾਂ ਦੀ ਚੈਕਿੰਗ ਲਈ ਆਈ ਪਾਵਰਕਾਮ ਦੀ ਟੀਮ ਦਾ ਲੋਕਾਂ ਨੇ ਕੀਤਾ ਘਿਰਾਓ
Publish Date: Thu, 19 Feb 2026 06:25 PM (IST)
Updated Date: Thu, 19 Feb 2026 06:27 PM (IST)

- ‘ਆਪ’ ਦੇ ਕੌਂਸਲਰ ਵੀ ਹੋਏ ਧਰਨੇ ’ਚ ਸ਼ਾਮਲ, ਕਿਹਾ ਪਾਵਰਕਾਮ ਦੀ ਟੀਮ ਕਰ ਰਹੀ ਧੱਕੇਸ਼ਾਹੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸਥਾਨਕ ਅਜੀਤ ਨਗਰ ਵਿੱਚ ਬਿਜਲੀ ਮੀਟਰਾਂ ਦੀ ਚੈਕਿੰਗ ਕਰਨ ਆਈ ਪਾਵਰਕਾਮ ਦੀ ਇਨਫੋਰਸਮੈਂਟ ਟੀਮ ਨੂੰ ਮੁਹੱਲਾ ਵਾਸੀਆਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ। ਮੁਹੱਲਾ ਵਾਸੀਆਂ ਨੇ ਵਿਭਾਗ ਦੀ ਟੀਮ ’ਤੇ ਉਨ੍ਹਾਂ ਨੂੰ ਬੇਵਜ੍ਹਾ ਨਿਸ਼ਾਨਾ ਬਣਾਉਣ ਅਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਗਾਉਂਦੇ ਹੋਏ ਟੀਮ ਦਾ ਘਿਰਾਓ ਕਰਕੇ ਧਰਨਾ ਲਗਾ ਦਿੱਤਾ। ਖਾਸ ਗੱਲ ਇਹ ਰਹੀ ਕਿ ਇਸ ਧਰਨੇ ਵਿੱਚ ਸੱਤਾਧਿਰ ਆਮ ਆਦਮੀ ਪਾਰਟੀ ਦੇ ਕਰੀਬ ਅੱਧਾ ਦਰਜਨ ਕੌਂਸਲਰਾਂ ਸਮੇਤ ਨਗਰ ਕੌਂਸਲ ਪ੍ਰਧਾਨ ਦੇ ਪਤੀ ਰੌਬੀ ਬਰਾੜ ਵੀ ਸ਼ਾਮਲ ਹੋਏ। ਸਵੇਰੇ ਲਗਭਗ 10 ਵਜੇ ਸ਼ੁਰੂ ਹੋਇਆ ਧਰਨਾ ਦੁਪਹਿਰ 3 ਵਜੇ ਤਕ ਜਾਰੀ ਰਿਹਾ। ਵਿਭਾਗ ਵੱਲੋਂ ਬਿਨਾਂ ਕਿਸੇ ਭੇਦਭਾਵ ਮੀਟਰਾਂ ਦੀ ਠੀਕ ਤਰੀਕੇ ਨਾਲ ਜਾਂਚ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਜਾਣਕਾਰੀ ਅਨੁਸਾਰ ਪਾਵਰਕਾਮ ਇਨਫੋਰਸਮੈਂਟ ਬਠਿੰਡਾ ਅਤੇ ਉਪ ਮੰਡਲ ਰਾਮਪੁਰਾ ਦੀ ਲਗਭਗ ਦਸ ਮੈਂਬਰੀ ਟੀਮ ਐਕਸਈਐਨ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਵੀਰਵਾਰ ਸਵੇਰੇ ਅਜੀਤ ਨਗਰ ਵਿੱਚ ਚੈਕਿੰਗ ਲਈ ਪਹੁੰਚੀ। ਟੀਮ ਨੇ ਸ਼ੱਕ ਦੇ ਆਧਾਰ ’ਤੇ ਇਕ ਮੀਟਰ ਉਤਾਰ ਲਿਆ। ਜਦੋਂ ਟੀਮ ਮੀਟਰ ਆਪਣੇ ਨਾਲ ਲੈ ਜਾਣ ਲੱਗੀ ਤਾਂ ਕੌਂਸਲਰ ਜਸਪਾਲ ਸਿੰਘ ਜੱਸੂ ਅਤੇ ਮੁਹੱਲਾ ਵਾਸੀਆਂ ਨੇ ਬੇਵਜ੍ਹਾ ਤੰਗ ਕਰਨ ਦੇ ਦੋਸ਼ ਲਗਾਉਂਦੇ ਹੋਏ ਮੀਟਰ ਵਾਪਸ ਕਰਨ ਦੀ ਮੰਗ ਕੀਤੀ। ਟੀਮ ਵੱਲੋਂ ਇਨਕਾਰ ਕਰਨ ’ਤੇ ਮੁਹੱਲਾ ਵਾਸੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਟੀਮ ਨੇ ਮੁਹੱਲੇ ਦੇ ਕੁਝ ਲੋਕਾਂ ਦੀ ਸੂਚੀ ਤਿਆਰ ਕਰ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ’ਤੇ ਬਿਜਲੀ ਚੋਰੀ ਦੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੀਟਰ ਨਾ ਲੈ ਜਾਣ ਦੀ ਮੰਗ ਕਰਦਿਆਂ ਥਾਂ ’ਤੇ ਹੀ ਧਰਨਾ ਲਗਾ ਕੇ ਟੀਮ ਦਾ ਘਿਰਾਓ ਕਰ ਲਿਆ ਅਤੇ ਜ਼ੋਰਦਾਰ ਨਾਰੇਬਾਜ਼ੀ ਕੀਤੀ। ਇਸ ਮੌਕੇ ਕੌਂਸਲਰ ਜਸਪਾਲ ਸਿੰਘ ਜੱਸੂ ਨੇ ਕਿਹਾ ਕਿ ਵਿਭਾਗ ਵੱਲੋਂ ਉਨ੍ਹਾਂ ਦੇ ਮੁਹੱਲੇ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਕੀਤੀ ਜਾ ਰਹੀ ਕਾਰਵਾਈ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਨਗਰ ਕੌਂਸਲ ਪ੍ਰਧਾਨ ਦੇ ਪਤੀ ਅਤੇ ਆਪ ਦੇ ਸਾਬਕਾ ਬਲਾਕ ਪ੍ਰਧਾਨ ਰੌਬੀ ਬਰਾੜ, ਬਲਾਕ ਪ੍ਰਧਾਨ ਗੁਰਭਜਨ ਸਿੰਘ ਢਿੱਲੋਂ ਅਤੇ ਕੌਂਸਲਰ ਕੁਲਦੀਪ ਸਿੰਘ ਸਮੇਤ ਹੋਰ ਆਗੂ ਮੌਕੇ ’ਤੇ ਪਹੁੰਚੇ ਅਤੇ ਵਿਭਾਗ ਦੀ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਪ੍ਰਦਰਸ਼ਨਕਾਰੀਆਂ ਦੇ ਨਾਲ ਧਰਨੇ ’ਤੇ ਬੈਠ ਗਏ। ਕਰੀਬ ਛੇ ਘੰਟੇ ਚੱਲੇ ਧਰਨਾ-ਪ੍ਰਦਰਸ਼ਨ ਤੋਂ ਬਾਅਦ ਵਿਭਾਗੀ ਅਧਿਕਾਰੀਆਂ ਵੱਲੋਂ ਯੋਗ ਕਾਰਵਾਈ ਦਾ ਭਰੋਸਾ ਦਿੱਤੇ ਜਾਣ ’ਤੇ ਧਰਨਾ ਖਤਮ ਕੀਤਾ ਗਿਆ। ਉਧਰ ਇਸ ਸਬੰਧੀ ਪਾਵਰਕਾਮ ਦੇ ਰਾਮਪੁਰਾ ਸ਼ਹਿਰੀ ਉਪ ਮੰਡਲ ਅਧਿਕਾਰੀ ਨੇ ਕਿਹਾ ਕਿ ਵਿਭਾਗ ਨੂੰ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਇਨਫੋਰਸਮੈਂਟ ਟੀਮ ਨੇ ਅਜੀਤ ਨਗਰ ਵਿੱਚ ਚੈਕਿੰਗ ਕੀਤੀ ਸੀ। ਧੱਕੇਸ਼ਾਹੀ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਉਨ੍ਹਾਂ ਕਿਹਾ ਕਿ ਮੀਟਰ ਦੀ ਢੰਗ ਨਾਲ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।