ਬਿਜਲੀ ਸਪਾਰਕ ਨਾਲ ਘਰ ਨੂੰ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਸੁਆਹ
ਮੰਡੀ ਖੁਰਦ ’ਚ ਬਿਜਲੀ ਸਪਾਰਕ ਨਾਲ ਘਰ ਨੂੰ
Publish Date: Thu, 19 Feb 2026 05:07 PM (IST)
Updated Date: Thu, 19 Feb 2026 05:09 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਪਿੰਡ ਮੰਡੀ ਖੁਰਦ ਵਿਖੇ ਇੱਕ ਘਰ ਨੂੰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਘਰ ਅੰਦਰ ਪਿਆ ਸਾਰਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵੇਖਿਆ ਕਿ ਗੁਰਮੀਤ ਸਿੰਘ ਪੁੱਤਰ ਬਿੱਲੂ ਸਿੰਘ ਦੇ ਘਰ ਵਿਚੋਂ ਧੂੰਆਂ ਨਿਕਲ ਰਿਹਾ ਸੀ, ਜਦਕਿ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਉਨ੍ਹਾਂ ਤੁਰੰਤ ਰੋਲਾ ਪਾਇਆ, ਜਿਸ ਉਪਰੰਤ ਪਿੰਡ ਵਾਸੀ ਮੌਕੇ ’ਤੇ ਪਹੁੰਚ ਗਏ। ਪਿੰਡ ਵਾਸੀਆਂ ਨੇ ਕੰਧ ਟੱਪ ਕੇ ਘਰ ਅੰਦਰ ਦਾਖਲ ਹੋ ਕੇ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ।
ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ ਮਾਨ ਨੇ ਦੱਸਿਆ ਕਿ ਪਰਿਵਾਰ ਦਿਹਾੜੀ ਕਰਨ ਲਈ ਗਿਆ ਹੋਇਆ ਸੀ, ਜਿਸ ਨੂੰ ਤੁਰੰਤ ਘਰੇ ਬੁਲਾਇਆ ਗਿਆ। ਉਨ੍ਹਾਂ ਮੁਤਾਬਿਕ ਅੱਗ ਬਿਜਲੀ ਦੇ ਸਪਾਰਕ ਕਾਰਨ ਲੱਗੀ ਹੈ। ਇਸ ਭਿਆਨਕ ਅੱਗ ਦੀ ਲਪੇਟ ’ਚ ਕਮਰੇ ਅੰਦਰ ਪਈ ਅਲਮਾਰੀ, ਪੇਟੀ, ਡਬਲ ਬੈੱਡ, ਸੋਫ਼ਾ ਸੈੱਟ, ਸਾਰੇ ਪਰਿਵਾਰ ਦੇ ਕੱਪੜੇ, ਘਰੇਲੂ ਬਰਤਨ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਬਿਜਲੀ ਦੇ ਪੱਖੇ, ਫ਼ਰਿੱਜ ਅਤੇ ਕੂਲਰ ਵੀ ਪੂਰੀ ਤਰ੍ਹਾਂ ਨਸ਼ਟ ਹੋ ਗਏ। ਅੱਗ ਦੀ ਤੀਬਰਤਾ ਕਾਰਨ ਕਮਰੇ ਦੀ ਛੱਤ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਸੀਮੈਂਟ ਦੇ ਲਿਉੜ ਹੇਠਾਂ ਡਿੱਗਣ ਲੱਗ ਪਏ। ਸਰਪੰਚ ਗੁਰਪ੍ਰੀਤ ਸਿੰਘ ਮਾਨ ਅਤੇ ਸਮਾਜ ਸੇਵੀ ਜਗਤਾਰ ਅਨਜਾਣ ਸਣੇ ਸਮੂਹ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਗੁਰਮੀਤ ਸਿੰਘ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਹ ਦੁਬਾਰਾ ਆਪਣਾ ਘਰ ਬਣਾ ਸਕਣ।