ਵਿਆਹ ’ਚ ਡੀਜੇ ਨੂੰ ਲੈ ਕੇ ਲੜਾਈ, ਤਿੰਨ ਖ਼ਿਲਾਫ਼ ਕੇਸ ਦਰਜ
ਵਿਆਹ ਵਿਚ ਡੀਜੇ ਨੂੰ ਲੈ ਕੇ ਲੜਾਈ, ਤਿੰਨ ਖਿਲਾਫ ਕੇਸ ਦਰਜ
Publish Date: Thu, 19 Feb 2026 04:59 PM (IST)
Updated Date: Thu, 19 Feb 2026 05:00 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵਿਆਹ ਸਮਾਗਮ ਵਿਚ ਡੀਜੇ ਉੱਪਰ ਗੀਤ ਲਾਉਣ ਨੂੰ ਲੈ ਕੇ ਹੋਈ ਲੜਾਈ ਦੇ ਮਾਮਲੇ ਵਿਚ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਆਰਕੈਸਟਰਾ ਦਾ ਕੰਮ ਕਰਨ ਵਾਲੀ ਕੁੜੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਰਾਮਾਂ ਮੰਡੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਜਸਵੀਰ ਸਿੰਘ ਵਾਸੀ ਪਿੰਡ ਲਾਲੇਆਣਾ ਨੇ ਦੱਸਿਆ ਕਿ 14-15 ਫਰਵਰੀ ਦੀ ਦਰਮਿਆਨੀ ਰਾਤ ਨੂੰ ਨੇੜਲੇ ਪਰਿਵਾਰਕ ਮੈਂਬਰਾਂ ਦੇ ਘਰ ਕੁੜੀ ਦੇ ਵਿਆਹ ਨੂੰ ਲੈ ਕੇ ਜਾਗੋ ਦਾ ਪ੍ਰੋਗਰਾਮ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਾਗੋ ਵਿਚ ਦੋਵੇਂ ਧਿਰਾਂ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੀ ਵਿਆਹ ਵਿਚ ਡੀਜੇ ਉੱਪਰ ਗੀਤ ਬੰਦ ਕਰਨ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਲੜਾਈ ਹੋ ਗਈ, ਜਿਸ ਵਿਚ ਹੈਪੀ ਸਿੰਘ, ਨਵਦੀਪ ਸਿੰਘ ਵਾਸੀ ਪਿੰਡ ਲਾਲੇਆਣਾ ਅਤੇ ਨਵਦੀਪ ਸਿੰਘ ਦੇ ਜੀਜੇ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਥਾਣਾ ਰਾਮਾਂ ਮੰਡੀ ਦੇ ਸਬ ਇੰਸਪੈਕਟਰ ਚੇਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਇਸ ਤਰ੍ਹਾਂ ਹੀ ਥਾਣਾ ਸਿਵਲ ਲਾਈਨ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਮਾਨਸੀ ਦੇਵੀ ਵਾਸੀ ਐੱਲਆਈਜੀ ਕੁਆਰਟਰ ਮਾਡਲ ਟਾਊਨ ਫੇਜ਼ ਇਕ ਬਠਿੰਡਾ ਨੇ ਦੱਸਿਆ ਕਿ ਉਹ ਆਰਕੈਸਟਰਾ ਦਾ ਕੰਮ ਕਰਦੀ ਹੈ। ਪੀੜਤ ਨੇ ਦੱਸਿਆ ਕਿ ਰਾਜਤ ਉਸ ਨੂੰ ਪ੍ਰੋਗਰਾਮ ਵਿਚ ਲੈ ਕੇ ਜਾਣਾ ਚਾਹੁੰਦਾ ਸੀ ਪਰ ਉਸ ਨੇ ਜਵਾਬ ਦੇ ਦਿੱਤਾ, ਜਿਸ ਕਾਰਨ ਰਾਜਤ, ਭੋਲਾ ਸੁਨਿਆਰਾ ਅਤੇ ਘੋਨਾ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਅਕਸ਼ੇ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤਕ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ।