21 ਨੂੰ ਮਾਂ-ਬੋਲੀ ਪੰਜਾਬੀ ਦਿਵਸ ਮਨਾਉਣ ਦਾ ਸੱਦਾ
21 ਫਰਵਰੀ ਨੂੰ ਮਾਂ-ਬੋਲੀ ਪੰਜਾਬੀ ਦਿਵਸ ਮਨਾਉਣ ਦਾ ਸੱਦਾ
Publish Date: Thu, 19 Feb 2026 04:35 PM (IST)
Updated Date: Thu, 19 Feb 2026 04:36 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਮਾਲਵਾ ਪੰਜਾਬੀ ਸਾਹਿਤ ਸਭਾ ਵੱਲੋਂ 21 ਫਰਵਰੀ ਸ਼ਨਿੱਚਰਵਾਰ ਨੂੰ ਮਾਂ-ਬੋਲੀ ਪੰਜਾਬੀ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸਭਾ ਦੀ ਮੀਟਿੰਗ ਰਾਮਪੁਰਾ ਫੂਲ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਰਾਮਪੁਰਾ ਦੇ ਖੇਡ ਮੈਦਾਨ ਵਿਚ ਦਰਸ਼ਨ ਸਿੰਘ ਪ੍ਰੀਤੀਮਾਨ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਸੇਵਾਮੁਕਤ ਮੁੱਖ ਅਧਿਆਪਕ ਹਰਿੰਦਰ ਸਿੰਘ ਭੁੱਲਰ, ਲੈਕਚਰਾਰ ਦਹੂਦ ਸਿੰਘ ਅਤੇ ਗਗਨਦੀਪ ਸਿੰਘ ਗੱਗੂ ਫੂਲ ਨੇ ਦੱਸਿਆ ਕਿ ਸਭਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀਆਂ ਹਦਾਇਤਾਂ ਅਨੁਸਾਰ ਮਾਤ-ਭਾਸ਼ਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ। ਪ੍ਰੋਗਰਾਮ ਅਨੁਸਾਰ ਠੀਕ 12 ਵਜੇ ਸਕੂਲ ਦੇ ਖੇਡ ਮੈਦਾਨ ਤੋਂ ਇਕ ਭਰਵਾਂ ਇਕੱਠ ਪਿੰਡ ਰਾਮਪੁਰਾ ਵੱਲ ਰਵਾਨਾ ਹੋਵੇਗਾ। ਪਿੰਡ ਦੇ ਮੁੱਖ ਪੜਾਵਾਂ ’ਤੇ ਬੁਲਾਰੇ ਮਾਂ-ਬੋਲੀ ਪੰਜਾਬੀ ਸਬੰਧੀ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਸਮਾਗਮ ਵਿਚ ਬੱਚੇ, ਨੌਜਵਾਨ ਅਤੇ ਬਜ਼ੁਰਗ ਸਮੇਤ ਸਾਰੀਆਂ ਭੈਣਾਂ-ਭਰਾਵਾਂ ਦੀ ਭਾਗੀਦਾਰੀ ਹੋਵੇਗੀ। ਗੀਤ-ਸੰਗੀਤ ਅਤੇ ਢੋਲ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਸਭਾ ਵੱਲੋਂ ਦੂਰ-ਨੇੜੇ ਦੇ ਸਾਰੇ ਪੰਜਾਬੀ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਕਿ ਉਹ ਠੀਕ 11 ਵਜੇ ਨਿਰਧਾਰਤ ਸਥਾਨ ’ਤੇ ਪਹੁੰਚ ਕੇ ਪ੍ਰੋਗਰਾਮ ਦੀ ਸ਼ੋਭਾ ਵਧਾਉਣ। ਸਮਾਪਤੀ ਸਮਾਗਮ ਦੁਪਹਿਰ 3 ਵਜੇ ਸਕੂਲ ਗਰਾਊਂਡ ਵਿਚ ਹੀ ਕੀਤਾ ਜਾਵੇਗਾ।