ਏਮਜ਼ ਵੱਲੋਂ ਸਰੀਰ ਦਾਨੀ ਦਿਲੀਪ ਕੌਰ ਦਾ ਪਰਿਵਾਰ ਸਨਮਾਨਿਤ
ਏਮਜ਼ ਨੇ ਸਰੀਰ ਦਾਨੀ ਦਿਲੀਪ ਕੌਰ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ
Publish Date: Wed, 18 Feb 2026 08:52 PM (IST)
Updated Date: Thu, 19 Feb 2026 04:12 AM (IST)
ਸੀਨੀਅ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਇੱਥੋਂ ਦੇ ਵਿਕਾਸ ਮੰਚ ਸਰੀਰ ਦਾਨ ਮਿਸ਼ਨ ਤਹਿਤ ਸਰੀਰ ਦਾਨੀ ਦਿਲੀਪ ਕੌਰ ਇੰਸਾ ਦੇ ਪਰਿਵਾਰ ਨੂੰ ਅੰਤਿਮ ਅਰਦਾਸ ਮੌਕੇ ਏਮਜ਼ ਬਠਿੰਡਾ ਵੱਲੋਂ ਸਨਮਾਨਿਤ ਕੀਤਾ ਗਿਆ। ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਾਕੇਸ਼ ਨਰੂਲਾ ਨੇ ਦੱਸਿਆ ਕਿ ਏਮਜ਼ ਦੇ ਕਾਰਜਕਾਰੀ ਨਿਰਦੇਸ਼ਕ ਡਾ. ਰਤਨ ਗੁਪਤਾ, ਡਾ. ਨਵਿਤਾ ਅਗਰਵਾਲ ਅਤੇ ਡਾ. ਅਰਪਨ ਪਾਤਰਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦੇਣ ਲਈ ਭਗਵਾਨ ਰਾਮ ਹਾਲ, ਦਾਣਾ ਮੰਡੀ ਵਿਖੇ ਕਰਵਾਏ ਅੰਤਿਮ ਅਰਦਾਸ ਸਮਾਰੋਹ ਵਿੱਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਇਕੱਠ ਨੂੰ ਸੰਬੋਧਨ ਕਰਦਿਆਂ ਰਤਨ ਗੁਪਤਾ ਨੇ ਕਿਹਾ ਕਿ ਆਪਣਾ ਸਰੀਰ ਦਾਨ ਕਰ ਕੇ ਮਾਤਾ ਦਿਲੀਪ ਕੌਰ ਨੇ ਇਕ ਮਿਸਾਲ ਕਾਇਮ ਕੀਤੀ ਹੈ। ਇਹ ਦਾਨ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਖੋਜ ਕਾਰਜ ਵਿਚ ਬਹੁਤ ਮਦਦ ਕਰਦਾ ਹੈ। ਉਨ੍ਹਾਂ ਦਿਲੀਪ ਕੌਰ ਦੇ ਪੁੱਤਰ ਜਗਤਾਰ ਸਿੰਘ, ਨੂੰਹ ਵੀਰਪਾਲ ਕੌਰ, ਪੋਤਾ ਮਨਿੰਦਰਪਾਲ ਸਿੰਘ, ਪੋਤੀ ਜਸਵਿੰਦਰ ਕੌਰ ਤੇ ਧੀਆਂ ਮਨਜੀਤ ਕੌਰ ਅਤੇ ਪਰਮਜੀਤ ਕੌਰ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ, ਰਾਕੇਸ਼ ਗੁਪਤਾ, ਸੇਵਾਮੁਕਤ ਈਟੀਓ., ਜੋਗਿੰਦਰ ਸਿੰਘ ਲੈਕਚਰਾਰ, ਰਾਕੇਸ਼ ਨਰੂਲਾ, ਨਵਨੀਤ ਸਿੰਗਲਾ ਨੇ ਵੀ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ।