ਸੀਐੱਮ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ 57 ਥਾਵਾਂ ’ਤੇ ਲੱਗੇ ਕੈਂਪ
ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ
Publish Date: Wed, 18 Feb 2026 06:32 PM (IST)
Updated Date: Thu, 19 Feb 2026 04:06 AM (IST)
-ਨਾਬਾਲਗਾਂ ਦੀ ਰਜਿਸਟ੍ਰੇਸ਼ਨ ਲਈ ਜਨਮ ਸਰਟੀਫਿਕੇਟ ਜ਼ਰੂਰੀ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ ਜ਼ਿਲ੍ਹੇ 'ਚ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਹੈ। ਇਸ ਮੁਹਿੰਮ ਤਹਿਤ ਪਹਿਲੇ ਪੜਾਅ ਵਿਚ ਰੋਜ਼ਾਨਾ ਜ਼ਿਲ੍ਹੇ ਭਰ ਵਿਚ 57 ਥਾਵਾਂ 'ਤੇ ਵਿਸ਼ੇਸ਼ ਕੈਂਪ ਲਾ ਕੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮ ਸਿੰਘ ਨੇ ਬੀਮਾ ਯੋਜਨਾ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਜਤਿੰਦਰ ਸਿੰਘ ਭੱਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਨਾਗਰਿਕ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਾ ਕੇ ਦਿੱਤਾ ਜਾਣਾ ਹੈ, ਜਿਸ ਨਾਲ ਹਰ ਪਰਿਵਾਰ ਦਾ 10 ਲੱਖ ਰੁਪਏ ਸਾਲਾਨਾ ਦਾ ਨਕਦੀ ਰਹਿਤ ਇਲਾਜ ਹੋਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲ੍ਹੇ ਦੇ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲ ਵੀ ਸੂਚੀਬੱਧ ਕੀਤੇ ਗਏ ਹਨ। ਰਜਿਸਟ੍ਰੇਸ਼ਨ ਲਈ ਆਪਣਾ ਆਧਾਰ ਕਾਰਡ, ਵੋਟਰ ਕਾਰਡ ਤੇ ਨਾਬਾਲਗ ਦੀ ਰਜਿਸਟ੍ਰੇਸ਼ਨ ਲਈ ਜਨਮ ਸਰਟੀਫਿਕੇਟ ਨਾਲ ਲਿਆਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ), ਬਠਿੰਡਾ (ਦਿਹਾਤੀ), ਤਲਵੰਡੀ ਸਾਬੋ, ਰਾਮਪੁਰਾ ਫੂਲ, ਭੁੱਚੋ ਅਤੇ ਮੌੜ ਵਿਖੇ ਵੱਖ-ਵੱਖ ਥਾਵਾਂ ਤੇ ਲਗਾਏ ਜਾ ਰਹੇ ਹਨ।
ਇਸ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ ਦੇ ਸਾਰੇ ਸੀਐੱਸਸੀ ਸੈਂਟਰਾਂ ਵਿਖੇ ਵੀ ਰੇਜਿਸਟ੍ਰੇਸ਼ਨ ਦੀ ਸਹੂਲਤ ਦਿੱਤੀ ਗਈ ਹੈ। ਚੇਅਰਮੈਨ ਨਗਰ ਸੁਧਾਰ ਟਰੱਸਟ ਜਤਿੰਦਰ ਸਿੰਘ ਭੱਲਾ ਨੇ ਮੀਟਿੰਗ ਦੌਰਾਨ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਵਿਸ਼ੇਸ਼ ਕੈਂਪ ਵਿਚ ਪਹੁੰਚ ਕੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਆਪਣੀ ਰਜਿਸਟ੍ਰੇਸ਼ਨ ਲਾਜ਼ਮੀ ਤੌਰ ‘ਤੇ ਕਰਵਾਉਣ। ਉਨ੍ਹਾਂ ਇਹ ਵੀ ਦੱਸਿਆ ਕਿ ਮੌਜੂਦਾ ਇਲਾਕਿਆਂ ਵਿੱਚ ਰਜਿਸਟ੍ਰੇਸ਼ਨ ਕਾਰਜ ਸੰਪੂਰਣ ਹੋਣ ਤੋਂ ਬਾਅਦ ਅਗਲੇ ਪੜਾਅ ਵਿਚ ਇਹ ਕੈਂਪ ਹੋਰ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿੱਚ ਵੀ ਕਰਵਾਏ ਜਾਣਗੇ, ਤਾਂ ਜੋ ਹਰ ਵਿਅਕਤੀ ਤੱਕ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਪਹੁੰਚ ਸਕੇ। ਇਸ ਮੌਕੇ ਡੀਐੱਮਸੀਐੱਸਸੀ ਤਰਸੇਮ ਸਿੰਘ ਬਰਾੜ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।