ਦਿਨ ਦਿਹਾੜੇ ਲਕਵਾ ਪੀੜਤ ਤੋਂ ਲੁੱਟੇ 4 ਹਜ਼ਾਰ, ਕੇਸ ਦਰਜ
ਅਰਜੁਨ ਨਗਰ ਵਿੱਚ ਦਿਨ ਦਿਹਾੜੇ ਲੁੱਟ, ਲਕਵਾ ਪੀੜਤ ਤੋਂ 4 ਹਜ਼ਾਰ ਰੁਪਏ ਲੁੱਟੇ
Publish Date: Mon, 16 Feb 2026 05:24 PM (IST)
Updated Date: Tue, 17 Feb 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਅਰਜੁਨ ਨਗਰ ’ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਦੋ ਨੌਜਵਾਨ ਗਾਹਕ ਬਣ ਕੇ ਭੂਮੀ ਕਰਿਆਣਾ ਸਟੋਰ ’ਚ ਦਾਖ਼ਲ ਹੋਏ ਤੇ ਕੁਝ ਹੀ ਪਲਾਂ ’ਚ ਦੁਕਾਨਦਾਰ ਨੂੰ ਬੰਧਕ ਬਣਾ ਕੇ ਨਕਦੀ ਲੁੱਟ ਕੇ ਫਰਾਰ ਹੋ ਗਏ। ਘਟਨਾ ਦੁਪਹਿਰੇ ਵਾਪਰੀ। ਦੋ ਅਣਪਛਾਤੇ ਨੌਜਵਾਨ ਗਾਹਕ ਬਣ ਕੇ ਦੁਕਾਨ ’ਚ ਦਾਖ਼ਲ ਹੋਏ। ਜਿਵੇਂ ਉਹ ਅੰਦਰ ਗਏ, ਉਨ੍ਹਾਂ ਨੇ ਦੁਕਾਨ ਦਾ ਸ਼ਟਰ ਬੰਦ ਕਰ ਲਿਆ ਤੇ ਅੰਦਰ ਮੌਜੂਦ ਦੁਕਾਨਦਾਰ ਰਘੁਨਾਥ ਨੂੰ ਕਾਬੂ ਕਰ ਲਿਆ। ਰਘੁਨਾਥ ਲਕਵੇ ਦੀ ਬਿਮਾਰੀ ਤੋਂ ਪੀੜਤ ਦੱਸੇ ਜਾ ਰਹੇ ਹਨ ਤੇ ਚੱਲਣ-ਫਿਰਣ ਵਿਚ ਅਸਮਰੱਥ ਹਨ। ਦੋਸ਼ ਹੈ ਕਿ ਜਦੋਂ ਰਘੁਨਾਥ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਕ ਨੌਜਵਾਨ ਨੇ ਉਨ੍ਹਾਂ ਦਾ ਗਲਾ ਦਬਾ ਕੇ ਡਰਾਇਆ-ਧਮਕਾਇਆ। ਦੋਵਾਂ ਨੇ ਕੈਸ਼ ਕਾਊਂਟਰ ’ਚ ਪਈ ਕਰੀਬ 4 ਹਜ਼ਾਰ ਦੀ ਨਕਦੀ ਲੁੱਟ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਸ਼ਟਰ ਖੋਲ੍ਹ ਕੇ ਤੁਰੰਤ ਮੌਕੇ ਤੋਂ ਫਰਾਰ ਹੋ ਗਏ। ਘਟਨਾ ਉਪਰੰਤ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕੁਝ ਸਮੇਂ ਬਾਅਦ ਨੇੜਲੇ ਦੁਕਾਨਦਾਰਾਂ ਤੇ ਸਥਾਨਕ ਲੋਕਾਂ ਨੂੰ ਸ਼ੱਕ ਹੋਇਆ ਕਿ ਦੁਕਾਨ ਅੰਦਰ ਕੁਝ ਗੜਬੜ ਹੈ। ਉਨ੍ਹਾਂ ਨੇ ਸ਼ਟਰ ਖੁੱਲ੍ਹਵਾਇਆ, ਜਿਸ ਤੋਂ ਬਾਅਦ ਘਟਨਾ ਦਾ ਪਤਾ ਲੱਗਾ। ਰਘੁਨਾਥ ਘਬਰਾਈ ਹੋਈ ਹਾਲਤ ’ਚ ਮਿਲੀ ਤੇ ਉਨ੍ਹਾਂ ਨੇ ਸਾਰੀ ਵਾਰਦਾਤ ਬਿਆਨ ਕੀਤੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ। ਮੁੱਢਲੀ ਜਾਂਚ ਵਿੱਚ ਇਹ ਮਾਮਲਾ ਲੁੱਟ ਦਾ ਲੱਗਦਾ ਹੈ, ਕਿਉਂਕਿ ਦੋਸ਼ੀਆਂ ਨੇ ਪਹਿਲਾਂ ਦੁਕਾਨ ਵਿੱਚ ਗਾਹਕ ਬਣ ਕੇ ਦਾਖਲ ਹੋਣ ਦੀ ਯੋਜਨਾ ਬਣਾਈ ਅਤੇ ਫਿਰ ਮੌਕਾ ਦੇਖ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਲਾਕੇ ਵਿੱਚ ਨਾਕਾਬੰਦੀ ਕਰਕੇ ਭੱਜੇ ਹੋਏ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਨਾਲ ਸਥਾਨਕ ਵਸਨੀਕਾਂ ਵਿੱਚ ਚਿੰਤਾ ਪੈਦਾ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਇਸ ਤਰ੍ਹਾਂ ਦੀ ਲੁੱਟ ਦੀ ਵਾਰਦਾਤ ਹੋਣਾ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ’ਚ ਗਸ਼ਤ ਵਧਾਉਣ ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।