ਫ਼ਰਜ਼ੀ ਵੈਟਰਨਰੀ ਡਾਕਟਰ ਖ਼ਿਲਾਫ਼ ਕੇਸ ਦਰਜ
ਫਰਜ਼ੀ ਵੈਟਰਨਰੀ ਡਾਕਟਰ ਖਿਲਾਫ ਕੇਸ ਦਰਜ
Publish Date: Mon, 16 Feb 2026 04:28 PM (IST)
Updated Date: Tue, 17 Feb 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਫਰਜ਼ੀ ਵੈਟਰਨਰੀ ਡਾਕਟਰ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਬਿਆਨਾਂ ’ਚ ਅਮਰਜੀਤ ਸਿੰਘ ਸੀ ਰਾਮਾ ਮੰਡੀ ਨੇ ਦੱਸਿਆ ਕਿ ਉਸ ਦਾ ਆਪਣਾ ਸਟੱਡ ਫਾਰਮ ਹੈ, ਜਿਸ ਵਿੱਚ ਪਿਛਲੇ ਦਿਨੀ ਉਸ ਦੇ ਘੋੜੇ ਬਿਮਾਰ ਹੋ ਗਏ। ਪੀੜਤ ਨੇ ਦੱਸਿਆ ਕਿ ਇਸ ਦੌਰਾਨ ਹੀ ਗੁਰਸੇਵਕ ਸਿੰਘ ਵਾਸੀ ਪਿੰਡ ਬਾਘਾ ਉਸ ਕੋਲ ਆਇਆ ਤੇ ਦੱਸਿਆ ਕਿ ਉਹ ਇਕ ਮਾਹਿਰ ਵੈਟਰਨਰੀ ਡਾਕਟਰ ਹੈ। ਉਸ ਨੇ ਕਿਹਾ ਕਿ ਉਸ ਕੋਲ ਬਕਾਇਦਾ ਵੈਟਰਨਰੀ ਡਾਕਟਰ ਦੀ ਡਿਗਰੀ ਹੈ ਤੇ ਉਹ ਘੋੜਿਆਂ ਦਾ ਇਲਾਜ ਕਰ ਦੇਵੇਗਾ। ਪੀੜਤ ਨੇ ਦੱਸਿਆ ਕਿ ਇਸ ਦੌਰਾਨ ਗੁਰਸੇਵਕ ਸਿੰਘ ਉਸ ਤੋਂ ਬਹੁਤ ਜ਼ਿਆਦਾ ਪੈਸੇ ਲੈ ਗਿਆ ਪਰ ਬਾਅਦ ਵਿੱਚ ਪਤਾ ਕੀਤਾ ਕਿ ਉਕਤ ਵਿਅਕਤੀ ਕੋਲ ਵੈਟਰਨਰੀ ਡਾਕਟਰ ਦੀ ਕੋਈ ਡਿਗਰੀ ਨਹੀਂ ਅਤੇ ਨਾ ਹੀ ਉਹ ਪਸ਼ੂ ਪਾਲਣ ਵਿਭਾਗ ਵਿੱਚ ਤੈਨਾਤ ਹੈ। ਥਾਣਾ ਰਾਮਾ ਮੰਡੀ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਉਕਤ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਪਰ ਅਜੇ ਤਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ।