ਜੇਠੂਕੇ ਵਿਖੇ ਫ਼ੌਤ ਹੋਏ ਕਿਸਾਨਾਂ ਦੀ ਮਨਾਈ ਬਰਸੀ
ਜੇਠੂਕੇ ਵਿਚ ਕਿਸਾਨਾਂ ਦੇ ਸ਼ਹੀਦਾਂ ਦੀ ਬਰਸੀ ਮਨਾਈ
Publish Date: Sun, 15 Feb 2026 04:46 PM (IST)
Updated Date: Mon, 16 Feb 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜੇਠੂਕੇ ਕਿਰਾਇਆ ਘੋਲ ਦੇ ਸ਼ਹੀਦ ਗੁਰਮੀਤ ਸਿੰਘ ਤੇ ਦੇਸ਼ ਪਾਲ ਸਿੰਘ, ਜਮੀਨ ਬਚਾਓ ਘੋਲ ਦੇ ਸ਼ਹੀਦ ਸੁਰਮੁਖ ਸਿੰਘ ਅਤੇ ਦਿੱਲੀ ਕਿਸਾਨ ਅੰਦੋਲਨ ਦੇ ਸ਼ਹੀਦਾਂ ਰਿਪਨ ਸਿੰਘ ਤੇ ਧਰਮ ਸਿੰਘ ਦੀ ਬਰਸੀ ਜੇਠੂਕੇ ਸ਼ਹੀਦੀ ਪਾਰਕ ਵਿਖੇ ਮਨਾਈ। ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ "ਸ਼ਹੀਦੋ ਤੁਹਾਡੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ", "ਅਮਰ ਸ਼ਹੀਦ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ" ਦੇ ਨਾਅਰਿਆਂ ਨਾਲ ਸ਼ਰਧਾਂਜਲੀ ਭੇਟ ਕੀਤੀ ਤੇ ਸ਼ਹੀਦਾਂ ਦੇ ਪਾਰਕ ’ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਵੱਲੋਂ ਜਥੇਬੰਦੀ ਦਾ ਝੰਡਾ ਲਹਿਰਾਇਆ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਝੰਡਾ ਸਿੰਘ ਨੇ ਕਿਹਾ ਕਿ ਵਿਸ਼ਵ ਵਪਾਰ ਦੀਆਂ ਨੀਤੀਆਂ ਦੇ ਤਹਿਤ ਕਿਸਾਨਾਂ ਤੋਂ ਜ਼ਮੀਨ ਖੋਹਣ ਤੇ ਦੇਸ਼ ਦੇ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਵਿਰੋਧ ਨੂੰ ਕੁਚਲਣ ਲਈ ਨਵੇਂ ਨੀਤੀਆਂ ਲਾ ਰਹੀਆਂ ਹਨ। ਉਨ੍ਹਾਂ ਨੇ 2000 ’ਚ ਜੇਠੂਕੇ ਘੋਲ ’ਚ ਦੋ ਨੌਜਵਾਨਾਂ ਦੀ ਸ਼ਹਾਦਤ ਅਤੇ ਬਰਨਾਲਾ ਨੇੜੇ ਤਿੰਨ ਪਿੰਡਾਂ ਵਿਚ ਕਿਸਾਨਾਂ ਤੇ ਲਾਠੀ ਚਾਰਜ ਦਾ ਜ਼ਿਕਰ ਕੀਤਾ। 2020 ਵਿੱਚ ਤਿੰਨ ਕਿਸਾਨ ਕਾਨੂੰਨਾਂ ਖ਼ਿਲਾਫ਼ ਇਕ ਸਾਲ ਤੋਂ ਵੱਧ ਸੰਘਰਸ਼ ਦੌਰਾਨ ਦੋ ਕਿਸਾਨ ਸ਼ਹੀਦ ਹੋਏ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਇਹ ਲੜਾਈ ਕਿਸਾਨਾਂ ਤੇ ਮਜ਼ਦੂਰਾਂ ਦੀ ਸਾਂਝੀ ਹੈ। ਔਰਤ ਜਥੇਬੰਦੀ ਦੀ ਆਗੂ ਹਰਿੰਦਰ ਕੌਰ ਬਿੰਦੂ ਨੇ ਲੋਕਾਂ ਨੂੰ ਸੰਘਰਸ਼ ’ਚ ਔਰਤਾਂ ਦੇ ਵੱਧ ਯੋਗਦਾਨ ਦੀ ਅਪੀਲ ਕੀਤੀ। ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਇਕੱਠੇ ਹੋਣ। ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਬਠਿੰਡਾ ਡੀਸੀ ਦਫਤਰ ਅੱਗੇ 18 ਫਰਵਰੀ ਨੂੰ ਧਰਨਾ ਲਾਉਣ ਦਾ ਐਲਾਨ ਕੀਤਾ ਹੈ। ਚੇਤਨਾ ਕਲਾ ਕੇਂਦਰ ਬਰਨਾਲਾ ਵੱਲੋਂ ਨਾਟਕ "ਕਾਲਖ ਹਨੇਰੇ" ਅਤੇ "ਛੱਲਾ" ਕੋਰੀਓਗ੍ਰਾਫੀ ਪੇਸ਼ ਕੀਤੀ। ਗੀਤਕਾਰ ਹਰਬੰਸ ਸਿੰਘ ਘਣੀਆਂ, ਰਾਮ ਸਿੰਘ ਹਠੂਰ ਤੇ ਬਲਵੀਰ ਸਿੰਘ ਨੇ ਲੋਕ ਗੀਤ ਪੇਸ਼ ਕੀਤੇ। ਸਮਾਗਮ ਵਿੱਚ ਸੂਬਾ ਆਗੂ ਰੂਪ ਸਿੰਘ ਛੰਨਾ ਵੀ ਸ਼ਾਮਲ ਸਨ।