ਗੁਰਬਾਜ਼ ਸਿੰਘ ਸਿੱਧੂ ਨੇ ਮੁਸ਼ਕਲਾਂ ਹੱਲ ਕਰਨ ਦਾ ਦਿੱਤਾ ਭਰੋਸਾ
ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ ਦੌਰਾ, ਲੋਕ ਮੁਸ਼ਕਿਲਾਂ ਸੁਣ ਕੇ ਹੱਲ ਦਾ ਭਰੋਸਾ
Publish Date: Sat, 14 Feb 2026 06:19 PM (IST)
Updated Date: Sun, 15 Feb 2026 04:09 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ : ਰਾਮਾਂ ਮੰਡੀ
ਹਲਕੇ ਵਿੱਚ ਕਾਂਗਰਸ ਪਾਰਟੀ ਦੇ ਸਰਗਰਮ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਵੱਲੋਂ ਅੱਜ ਰਾਮਾਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਵਿਸ਼ਾਲ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਨੇ ਲੋਕਾਂ ਦੇ ਨਿੱਜੀ ਸਮਾਗਮਾਂ ਵਿੱਚ ਹਾਜ਼ਰੀ ਭਰੀ ਅਤੇ ਵੱਖ-ਵੱਖ ਵਰਗਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ। ਪਿੰਡ ਲਾਲੇਆਣਾ ਵਿਖੇ ਜੱਟ ਮਹਾਂ ਸਭਾ ਦੇ ਹਲਕਾ ਪ੍ਰਧਾਨ ਮਨਜੀਤ ਸਿੰਘ ਲਾਲੇਆਣਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿੱਧੂ ਨੇ ਪੰਜਾਬ ਦੀ ਮੌਜੂਦਾ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਸਿੱਧੂ ਨੇ ਦੋਸ਼ ਲਗਾਇਆ ਕਿ ਖੇਤੀ ਪ੍ਰਧਾਨ ਸੂਬੇ ਪੰਜਾਬ ਵਿੱਚ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਤੱਕ ਦੀ ਆਜ਼ਾਦੀ ਨਹੀਂ ਦਿੱਤੀ ਜਾ ਰਹੀ ਅਤੇ ਮਜ਼ਦੂਰ ਵਰਗ ਦੀਆਂ ਮੰਗਾਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਕੁਦਰਤੀ ਆਫ਼ਤਾਂ ਕਾਰਨ ਫਸਲਾਂ ਦੇ ਨੁਕਸਾਨ ’ਤੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਮਿਲਦਾ ਸੀ ਤੇ ਖੇਤ ਮਜ਼ਦੂਰਾਂ ਨੂੰ ਵੀ ਆਰਥਿਕ ਮਦਦ ਦਿੱਤੀ ਜਾਂਦੀ ਸੀ, ਪਰ ਮੌਜੂਦਾ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਨਾ ਤਾਂ ਕਿਸਾਨਾਂ ਦੇ ਖਰਾਬੇ ਦਾ ਮੁਆਵਜ਼ਾ ਜਾਰੀ ਕੀਤਾ ਹੈ ਅਤੇ ਨਾ ਹੀ ਮਜ਼ਦੂਰਾਂ ਦੀ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਸਰਕਾਰ ਨੂੰ ਵੋਟ ਰਾਹੀਂ ਜਵਾਬ ਦੇਣਗੇ। ਇਸ ਮੌਕੇ ਤਰਸੇਮ ਸਿੰਘ ਲਾਲੇਆਣਾ, ਕ੍ਰਿਸ਼ਨ ਯਾਦਵ, ਗੁਰਮੇਲ ਸਿੰਘ ਲਾਲੇਆਣਾ, ਧਰਵਿੰਦਰ ਢਿੱਲੋਂ ਗਿਆਨਾ, ਹਰਪਾਲ ਪੰਚ ਗਾਟਵਾਲੀ, ਗੁਰਵਿੰਦਰ ਦੁੱਨੇਵਾਲਾ, ਜਸਪਾਲ ਸਿੰਘ ਭਗਵਾਨਪੁਰਾ ਅਤੇ ਸੇਵਕ ਸਿੰਘ ਤੰਗਰਾਲੀ ਸਮੇਤ ਹੋਰ ਆਗੂ ਵੀ ਮੌਜੂਦ ਸਨ।