ਰਾਸ਼ਟਰੀ ਮਹਿਲ ਦਿਵਸ ਸਬੰਧੀ ਡਾ. ਬਿਮਲ ਸ਼ਰਮਾ ਨੇ ਕੀਤਾ ਜਾਗਰੂਕ
ਰਾਸ਼ਟਰੀ ਮਹਿਲ ਦਿਵਸ ਸਬੰਧੀ ਡਾ. ਬਿਮਲ ਸ਼ਰਮਾ ਨੇ ਕੀਤਾ ਜਾਗਰੂਕ
Publish Date: Sat, 14 Feb 2026 05:53 PM (IST)
Updated Date: Sun, 15 Feb 2026 04:06 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਰਾਸ਼ਟਰੀ ਮਹਿਲਾ ਦਿਵਸ ਭਾਰਤ ਵਿੱਚ ਹਰ ਸਾਲ 13 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਮਹਾਨ ਕਵਿਤਰੀ ਤੇ ਸੁਤੰਤਰਤਾ ਸੈਨਾਨੀ ਸਰੋਜਨੀ ਨਾਇਡੂ ਦੇ ਜਨਮ ਦਿਨ 13 ਫਰਵਰੀ 1879 ਨੂੰ ਹੈਦਰਾਬਾਦ ਵਿੱਚ ਹੋਇਆ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜਿਨ੍ਹਾਂ ਨੂੰ ਉਨ੍ਹਾਂ ਦੀਆਂ ਕਵਿਤਾਵਾਂ ਲਈ ਭਾਰਤ ਦੀ ਕੋਕਿਲਾ ਕਿਹਾ ਜਾਂਦਾ ਹੈ। ਸਰੋਜਨੀ ਨਾਇਡੂ ਨੇ ਔਰਤਾਂ ਦੀ ਸਿੱਖਿਆ ਅਤੇ ਸਮਾਜਿਕ ਸੁਧਾਰਾਂ ਲਈ ਆਵਾਜ਼ ਚੁੱਕੀ, ਜਿਸ ਕਰਕੇ ਉਨ੍ਹਾਂ ਦੇ ਜਨਮ ਦਿਨ ਨੂੰ ਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਮਹਿਲਾ ਸ਼ਕਤੀਕਰਨ ਅਤੇ ਸਮਾਜ ਵਿੱਚ ਔਰਤਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਸਮਰਪਿਤ ਹੈ। ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਉਹ ਇਕ ਪ੍ਰਮੁੱਖ ਭਾਰਤੀ ਆਜ਼ਾਦੀ ਘੁਲਾਟੀਏ ਸਨ ਅਤੇ ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਨਾਲ ਕੰਮ ਕੀਤਾ। ਉਨ੍ਹਾਂ ਨੇ ਸਿਵਲ ਨਾ ਫਰਮਾਨੀ ਅੰਦੋਲਨ ਤੇ ਭਾਰਤ ਛੱਡੋ ਅੰਦੋਲਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਆਜ਼ਾਦੀ ਤੋਂ ਬਾਅਦ ਉਹ ਯੂਨਾਈਟਡ ਪ੍ਰੋਵਿੰਸ (ਹੁਣ ਉੱਤਰ ਪ੍ਰਦੇਸ਼) ਦੀ ਪਹਿਲੀ ਮਹਿਲਾ ਗਵਰਨਰ ਬਣੀ ਜੋ ਔਰਤਾਂ ਦੀ ਯੋਗਤਾ ਦਾ ਪ੍ਰਤੀਕ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਔਰਤਾਂ ਦੇ ਹੱਕਾਂ, ਸਿੱਖਿਆ ਤੇ ਸਸ਼ਕਤੀਕਰਨ ਲਈ ਕੀਤੇ ਕੰਮਾਂ ਨੂੰ ਯਾਦ ਕਰਨਾ ਹੈ। ਇਹ ਦਿਨ ਔਰਤਾਂ ਦੀਆਂ ਪ੍ਰਾਪਤੀਆਂ, ਹਿੰਮਤ ਤੇ ਸਮਾਜਿਕ ਤਬਦੀਲੀ ਵਿੱਚ ਉਨਾਂ ਦੀ ਭੂਮਿਕਾ ਦਾ ਸਨਮਾਨ ਕਰਦਾ ਹੈ। ਇਸ ਤੋਂ ਇਲਾਵਾ ਇਹ ਦਿਨ ਔਰਤਾਂ ਦੇ ਹੱਕਾਂ, ਸਮਾਨਤਾ ਅਤੇ ਲਿੰਗ ਭੇਦ ਭਾਵ ਨੂੰ ਖਤਮ ਕਰਨ ਤੇ ਵੀ ਜ਼ੋਰ ਦਿੰਦਾ ਹੈ। ਇਹ ਦਿਵਸ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਮਝਣ, ਸਿੱਖਿਆ ਤੇ ਨੌਕਰੀ ਦੇ ਬਰਾਬਰ ਮੌਕੇ ਦੇਣ ਤੇ ਵੀ ਜ਼ੋਰ ਦਿੰਦਾ ਹੈ। ਔਰਤਾਂ ਦੇ ਖਿਲਾਫ ਹਿੰਸਾ ਨੂੰ ਰੋਕਣ ਅਤੇ ਉਨਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਗਰੂਕਤਾ ਫੈਲਾਉਣਾ ਇਸ ਦਿਨ ਦਾ ਮੁੱਖ ਉਦੇਸ਼ ਹੈ। ਡਾਕਟਰ ਸ਼ਰਮਾ ਨੇ ਕਿਹਾ ਕਿ ਸਰੋਜਨੀ ਨਾਇਡੂ ਦਾ ਜੀਵਨ ਅੱਜ ਦੀਆਂ ਔਰਤਾਂ ਲਈ ਇਕ ਵੱਡੀ ਪ੍ਰੇਰਣਾ ਹੈ ਜੋ ਸਿੱਖਿਆ ਅਤੇ ਸਿਆਸੀ ਹਿੱਸੇਦਾਰੀ ਨੂੰ ਉਤਸ਼ਾਹਤ ਕਰਦਾ ਹੈ। ਇੱਥੇ ਇਹ ਵਰਨਣ ਯੋਗ ਵੀ ਹੈ ਕਿ 13 ਫਰਵਰੀ ਨੂੰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਜਦੋਂ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ।