ਪਿੰਡ ਸਵੈਚ ਵਿਖੇ ਕਰਵਾਇਆ ’ਜਨ ਚੇਤਨਾ ਸੈਮੀਨਾਰ’
ਬੀਐਫਜੀਆਈ ਵੱਲੋਂ ਪਿੰਡ ਸਵੈਚ ਵਿਖੇ ’ਜਨ ਚੇਤਨਾ ਸੈਮੀਨਾਰ’ ਕਰਵਾਇਆ
Publish Date: Fri, 13 Feb 2026 04:19 PM (IST)
Updated Date: Sat, 14 Feb 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪਿੰਡ ਸਵੈਚ ਵਿਖੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਦੇ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਵੱਲੋਂ ਇੱਕ ਵਿਸ਼ੇਸ਼ ’ਜਨ ਚੇਤਨਾ ਸੈਮੀਨਾਰ’ ਕਰਵਾਇਆ। ਇਸ ਸਮਾਗਮ ਦਾ ਮੁੱਖ ਉਦੇਸ਼ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਪ੍ਰਤੀ ਲੋਕਾਂ ਤੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨਾ ਸੀ। ਸੈਮੀਨਾਰ ਦੌਰਾਨ ਮੁੱਖ ਬੁਲਾਰੇ ਵਜੋਂ ਪਹੁੰਚੇ ਅੰਮ੍ਰਿਤਪਾਲ ਕੌਰ (ਕੋਆਰਡੀਨੇਟਰ, ਸੋਸ਼ਲ ਵੈਲਫੇਅਰ ਵਿਭਾਗ, ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼) ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਮਾਜਿਕ ਗਿਰਾਵਟ, ਨਸ਼ਿਆਂ ਦੀ ਲਾਹਣਤ, ਭਰੂਣ ਹੱਤਿਆ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਵਰਗੇ ਗੰਭੀਰ ਵਿਸ਼ਿਆਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਅਜੋਕੇ ਸਮੇਂ ਵਿੱਚ ਬੱਚਿਆਂ ਦੀ ਬਜ਼ੁਰਗਾਂ ਤੋਂ ਵਧ ਰਹੀ ਦੂਰੀ ’ਤੇ ਚਿੰਤਾ ਪ੍ਰਗਟ ਕਰਦਿਆਂ ਬੱਚਿਆਂ ਨੂੰ ਆਪਣੇ ਵਿਰਸੇ ਅਤੇ ਬਜ਼ੁਰਗਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਜੋਰਾ ਸਿੰਘ ਬਰਾੜ (ਅਸਿਸਟੈਂਟ ਮੈਨੇਜਰ, ਸੋਸ਼ਲ ਵੈਲਫੇਅਰ ਵਿਭਾਗ) ਨੇ ਬਾਖੂਬੀ ਨਿਭਾਈ। ਇਸ ਪ੍ਰੋਗਰਾਮ ਵਿੱਚ ਪਿੰਡ ਦੇ ਸਰਪੰਚ ਹਰਦੀਪ ਸਿੰਘ, ਗੁਰਮੇਲ ਸਿੰਘ ਡਰਾਈਵਰ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਅਤੇ ਸਰਕਾਰੀ ਸਕੂਲ ਦੇ ਬੱਚੇ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਮਾਗਮ ਦੇ ਅੰਤ ’ਚ ਅਗਾਂਹਵਧੂ ਕਿਸਾਨ ਗੁਰਤੇਜ ਸਿੰਘ ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਟੀਮ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।