ਸਰਕਾਰੀ ਹਸਪਤਾਲ ’ਚ ਬਣ ਰਹੀ ਇਮਾਰਤ ’ਚ ਗੈਰ-ਮਿਆਰੀ ਸਮੱਗਰੀ ਵਰਤਣ ਦੇ ਦੋਸ਼
ਸਰਕਾਰੀ ਹਸਪਤਾਲ ਸੰਗਤ ਵਿਖੇ ਬਣ ਰਹੀ ਇਮਾਰਤ ’ਚ ਗੈਰ-ਮਿਆਰੀ ਸਮੱਗਰੀ ਵਰਤਣ ਦੇ ਦੋਸ਼
Publish Date: Thu, 29 Jan 2026 07:28 PM (IST)
Updated Date: Thu, 29 Jan 2026 07:31 PM (IST)

- ਇਮਾਰਤੀ ਸਾਜੋ-ਸਾਮਾਨ ਬਾਰੇ ਜਾਣਕਾਰੀ ਨਹੀਂ ਪਰ ਸਬੰਧਿਤ ਅਫ਼ਸਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ : ਐੱਸਐੱਮਓ ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ : ਸਰਕਾਰੀ ਹਸਪਤਾਲ ਸੰਗਤ ਵਿਖੇ ਬਣ ਰਹੀ ਮੈਡੀਕਲ ਲੈਬੋਰੇਟਰੀ ਦੀ ਇਮਾਰਤ ਵਿਚ ਗੈਰ-ਮਿਆਰੀ ਸਮੱਗਰੀ ਵਰਤਣ ਦੇ ਦੋਸ਼ ਸਥਾਨਕ ਲੋਕਾਂ ਵੱਲੋਂ ਲਗਾਏ ਜਾ ਰਹੇ ਹਨ। ਸੰਗਤ ਮੰਡੀ ਵਾਸੀ ‘ਆਪ’ ਆਗੂ ਪਵਨ ਕੁਮਾਰ, ਰਣਜੀਤ ਸਿੰਘ ਕੌਂਸਲਰ, ਸਮਾਜ ਸੇਵੀ ਬਲਵੀਰ ਸਿੰਘ ਬੀਰਾ, ਗੁਰਦੀਪ ਸਿੰਘ ਅਤੇ ਸਾਬਕਾ ਸਰਪੰਚ ਰੇਸ਼ਮ ਸਿੰਘ ਨੇ ਦੱਸਿਆ ਕਿ ਇਮਾਰਤ ਦੇ ਠੇਕੇਦਾਰ ਵੱਲੋਂ ਸੰਗਤ ਮੰਡੀ ਦੇ ਸਰਕਾਰੀ ਹਸਪਤਾਲ ’ਚ ਮੈਡੀਕਲ ਲੈਬ. ਦੀ ਇਮਾਰਤ ਬਣਾਉਣ ਦੌਰਾਨ ਗੈਰਮਿਆਰੀ ਅਤੇ ਜੰਗਾਲ ਲੱਗਿਆ ਸਰੀਆ ਵਰਤਿਆ ਜਾ ਰਿਹਾ ਹੈ, ਜਦੋਂਕਿ ਡੇਢ-ਦੋ ਨੰਬਰੀ ਇੱਟਾਂ ਅਤੇ ਸਥਾਨਕ ਮਿੰਨੀ ਪਲਾਂਟ ਦੇ ਸੀਮੈਂਟ ਅਤੇ ਗੈਰਮਿਆਰੀ ਬਰੇਤੀ ਬਜਰੀ ਦੀ ਵਰਤੋਂ ਸ਼ਰੇਆਮ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਸ ਸਥਾਨ ’ਤੇ ਇਹ ਇਮਾਰਤ ਬਣਾਈ ਜਾ ਰਹੀ ਹੈ, ਉਸੇ ਸਥਾਨ ਤੇ ਕਰੀਬ 20 ਸਾਲ ਪਹਿਲਾਂ ਐੱਸਐੱਮਓ ਦੀ ਰਿਹਾਇਸ਼ੀ ਕੋਠੀ ਦਾ ਨਿਰਮਾਣ ਕੀਤਾ ਗਿਆ ਸੀ ਪਰ ਕੋਠੀ ਦੇ ਨਿਰਮਾਣ ’ਤੇ ਲੱਖਾਂ ਰੁਪਏ ਖ਼ਰਚ ਕੇ ਵੀ ਉਸ ਕੋਠੀ ਅੰਦਰ ਕਿਸੇ ਐੱਸਐੱਮਓ ਨੇ ਇੱਕ ਦਿਨ ਵੀ ਰਿਹਾਇਸ਼ ਨਹੀਂ ਕੀਤੀ ਅਤੇ ਉਹ ਲੰਬੇ ਸਮੇਂ ਤਕ ਖਾਲੀ ਪਈ ਅਖ਼ੀਰ ਖੰਡਰ ਬਣੀ ਇਮਾਰਤ ਢਾਹ ਦਿੱਤੀ ਗਈ ਅਤੇ ਉਸ ਵਿਚ ਲੱਗਿਆ ਲੱਖਾਂ ਦਾ ਫਰਨੀਚਰ, ਬਿਜਲੀ ਯੰਤਰ ਅਤੇ ਸੈਨੇਟਰੀ ਦਾ ਸਾਮਾਨ ਵੀ ਖੁਰਦ-ਬੁਰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੱਟੜ ਇਮਾਨਦਾਰ ਕਹਾਉਂਦੀ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਰੇਆਮ ਹੋ ਰਹੇ ਘਾਲੇ-ਮਾਲੇ ਦੀ ਨਿਰਪੱਖ ਜਾਂਚ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਬਾਰੇ ਪਮਿਲ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਸੰਗਤ ਨੇ ਦੱਸਿਆ ਕਿ ਬਣ ਰਹੀ ਮੈਡੀਕਲ ਲੈਬੋਰੇਟਰੀ ਦਾ ਠੇਕਾ ਪੰਜਾਬ ਸਰਕਾਰ ਨੇ ਦਿੱਤਾ ਹੈ ਅਤੇ ਉਨ੍ਹਾਂ ਵੱਲੋਂ ਕੋਈ ਵੀ ਪੈਸਾ ਜਾਰੀ ਨਹੀਂ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਮਾਰਤੀ ਸਾਮਾਨ ਦੇ ਮਿਆਰ ਬਾਰੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਅਤੇ ਉਨ੍ਹਾਂ ਵੱਲੋਂ ਸਬੰਧਿਤ ਅਫ਼ਸਰਾਂ ਨੂੰ ਇਮਾਰਤੀ ਸਮੱਗਰੀ ਦੀ ਜਾਂਚ ਬਾਰੇ ਜ਼ਰੂਰ ਸੂਚਿਤ ਕੀਤਾ ਜਾਵੇਗਾ। ਇਮਾਰਤ ਦੇ ਠੇਕੇਦਾਰ ਮੱਖਣ ਲਾਲ ਨੇ ਦੱਸਿਆ ਕਿ ਕਿਸੇ ਹੋਰ ਸਾਈਟ ਤੋਂ ਬਚਿਆ ਕੁੱਝ ਸਰੀਆ ਇੱਥੇ ਵਰਤਿਆ ਜਾ ਰਿਹਾ ਹੈ ਅਤੇ ਇੱਟਾਂ ਹਾਲੇ ਤਕ ਸਿਰਫ਼ ਕੰਕਰੀਟ ਦੇ ਠੱਲ੍ਹ ਲਈ ਮੰਗਵਾਈਆਂ ਸਨ ਪਰ ਹੁਣ ਇਮਾਰਤ ਲਈ ਅੱਗੋਂ ਵਧੀਆ ਇੱਟਾਂ ਹੀ ਵਰਤੀਆਂ ਜਾਣਗੀਆਂ।