- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕ ਮਾਈਸਰਖਾਨਾ ਉੱਪਰ ਲੱਗੇ ਇਲਜਾਮਾਂ ’ਤੇ ਚੁੱਪ ਕਿਉਂ: ਜੀਤ ਮਹਿੰਦਰ ਸਿੰਘ ਸਿੱਧੂ

- ਮੌੜ ਹਲਕੇ ’ਚੋਂ ਇਕੱਠੇ ਕੀਤੇ ਗਏ ਹੜ੍ਹ ਰਿਲੀਫ ਫੰਡ ਦੀ ਵੀ ਕੀਤੀ ਜਾਵੇ ਜਾਂਚ
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ
ਮੌੜ ਮੰਡੀ : ਪੰਜਾਬ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਅਕਸਰ ਇਹ ਕਹਿੰਦੇ ਨਹੀਂ ਥੱਕਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਜ਼ੀਰੋ ਟਾਲਰੈਂਸ ਦੀ ਨੀਤੀ ’ਤੇ ਚਲਦੀ ਹੈ। ਜੇਕਰ ਕੋਈ ਵੀ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ, ਪਰ ਮੌੜ ਮੰਡੀ ਹਲਕੇ ਦੇ ਵਿਧਾਇਕ ਉੱਪਰ ‘ਆਪ’ ਆਗੂ ਤੇ ਨਗਰ ਕੌਂਸਲ ਦੇ ਪ੍ਰਧਾਨ ਨੇ ਭ੍ਰਿਸ਼ਟਾਚਾਰ ਦੇ ਦੋਸ ਲਾਏ ਹਨ, ਜਿਸ ’ਤੇ ਮੁੱਖ ਮੰਤਰੀ ਤੇ ਮੰਤਰੀ ਚੁੱਪ ਹਨ। ਇਹ ਵਿਚਾਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਮੌੜ ਮੰਡੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮੌੜ ਮੰਡੀ ਵਿਖੇ 26 ਜਨਵਰੀ ਗਣਤੰਤਰ ਦਿਵਸ ਸਮਾਗਮ ਮੌਕੇ ਨਗਰ ਕੌਸਲ ਮੌੜ ਦੇ ਪ੍ਰਧਾਨ ਕਰਨੈਲ ਸਿੰਘ ਨੇ ਨਗਰ ਕੌਂਸਲ ਦੀ ਪ੍ਰਧਾਨਗੀ ਲੈਣ ਲਈ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ’ਤੇ 30 ਲੱਖ ਰੁਪਏ ਦੇ ਲੈਣ ਦੇ ਇਲਜ਼ਾਮ ਲਾਏ ਹਨ, ਉਨ੍ਹਾਂ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਚੁੱਪ ਕਿਉਂ ਹੈ। ਉਨ੍ਹਾਂ ਕਿਹਾ ਕਿ ਮੇਨ ਸਟਰੀਮ ਮੀਡੀਆ ਅਤੇ ਸੋਸ਼ਲ ਮੀਡੀਆ ਉੱਪਰ ਇਹ ਵੀਡੀਓ ਪੂਰੇ ਦੇਸ਼ ਵਿਚ ਵਾਇਰਲ ਹੋਈ ਹੈ, ਜਿਸ ਵਿਚ ਨਗਰ ਕੌਂਸਲ ਦਾ ਪ੍ਰਧਾਨ ਇਹ ਕਹਿ ਰਿਹਾ ਹੈ ਕਿ ਰਿਕਾਰਡ ਕਰ ਲਵੋ ਕਿ ਵਿਧਾਇਕ ਮਾਈਸਰਖਾਨਾ ਨੇ ਉਸ ਤੋਂ ਪ੍ਰਧਾਨਗੀ ਦੇਣ ਲਈ 30 ਲੱਖ ਰੁਪਏ ਲਏ ਹਨ। ਇੱਕ ਚੁਣੇ ਹੋਏ ਪ੍ਰਧਾਨ ਵੱਲੋਂ ਵਿਧਾਇਕ ਤੇ ਜਨਤਕ ਸਮਾਗਮ ਦੌਰਾਨ ਇਹ ਇਲਜ਼ਾਮ ਲਗਾਉਣੇ ਬਹੁਤ ਹੀ ਸੀਰੀਅਸ ਮੁੱਦਾ ਹੈ ਪਰ ਨਾਂ ਤਾਂ ਮੁੱਖ ਮੰਤਰੀ ਅਤੇ ਨਾ ਹੀ ਕਿਸੇ ਮੰਤਰੀ ਨੇ ਇਸ ਉੱਪਰ ਆਪਣੀ ਜੁਬਾਨ ਖੋਲੀ ਹੈ ਅਤੇ ਨਾ ਹੀ ਵਿਧਾਇਕ ਮਾਈਸਰਖਾਨਾ ਖ਼ਿਲਾਫ਼ ਕੋਈ ਕਾਰਵਾਈ ਕੀਤੀ ਹੈ।
ਇਸ ਮੌਕੇ ਸਿੱਧੂ ਨੇ ਆਪਣੀ ਕਾਨਫਰੰਸ ਦੌਰਾਨ ਇਕ ਹੋਰ ਇਲਜਾਮ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ’ਤੇ ਲਾਇਆ ਕਿ ਪਿਛਲੇ ਸਮੇਂ ਦੌਰਾਨ ਜਦੋਂ ਪੰਜਾਬ ਵਿਚ ਹੜ੍ਹ ਆਏ ਸਨ ਤਾਂ ਵਿਧਾਇਕ ਵੱਲੋਂ ਪੂਰੇ ਹਲਕੇ ਦੇ ਹਰ ਇਕ ਪਿੰਡ ਵਿਚੋਂ ਪੈਸੇ ਇਕੱਠੇ ਕੀਤੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਿੱਜੀ ਸੂਤਰਾਂ ਮੁਤਾਬਿਕ ਵਿਧਾਇਕ ਵੱਲੋਂ 40 ਤੋਂ 50 ਲੱਖ ਰੁਪਏ ਪੂਰੇ ਹਲਕੇ ਵਿਚੋਂ ਇਕੱਠਾ ਕੀਤਾ ਗਿਆ ਸੀ, ਪਰ ਮੁੱਖ ਮੰਤਰੀ ਰਾਹਤ ਫੰਡ ਵਿਚ ਸਿਰਫ 13 ਤੋਂ 14 ਲੱਖ ਰੁਪਏ ਹੀ ਜਮ੍ਹਾਂ ਕਰਵਾਏ ਹਨ। ਬਾਕੀ ਰੁਪਏ ਕਿੱਥੇ ਗਏ ਇਸ ਬਾਰੇ ਵੀ ਮੁੱਖ ਮੰਤਰੀ ਵਿਧਾਇਕ ਖ਼ਿਲਾਫ਼ ਜਾਂਚ ਕਰਵਾਉਣ ਤਾਂ ਜੋ ਹਲਕੇ ਦੇ ਲੋਕਾਂ ਨੂੰ ਇਨਸਾਫ ਮਿਲ ਸਕੇ। ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਪੰਜਾਬ ਵਿਜੀਲੈਂਸ ਅਤੇ ਸੀਬੀਆਈ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਪ੍ਰਧਾਨ ਵੱਲੋਂ ਜੋ 30 ਲੱਖ ਦੇ ਇਲਜਾਮ ਲਾਏ ਗਏ ਹਨ ਉਨ੍ਹਾਂ ਦੀ ਅਤੇ ਹਲਕੇ ਵਿਚੋਂ ਹੜ੍ਹਾਂ ਲਈ ਇਕੱਠੇ ਕੀਤੇ ਪੈਸਿਆਂ ਦੀ ਵੀ ਜਾਂਚ ਕਰਵਾਈ ਜਾਵੇ। ਇਸ ਮੌਕੇ ਕਾਂਗਰਸ ਪਾਰਟੀ ਦੀ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜੇਸ਼ ਜੈਨ, ਬਲਕਾਰਾ ਸਿੰਘ ਮੌੜ ਕਲਾਂ, ਲਾਭ ਸਿੰਘ ਮੌੜ ਕਲਾਂ, ਰਮੇਸ਼ ਗਰਗ, ਸਸ਼ੀਲ ਕੁਮਾਰ ਗਰਗ, ਪ੍ਰਧਾਨ ਤਰਸੇਮ ਚੰਦ, ਸੰਦੀਪ ਕੁਮਾਰ ਗਰਗ ਤੋਂ ਇਲਾਵਾ ਹੋਰ ਕਾਂਗਰਸੀ ਵਰਕਰ ਆਦਿ ਹਾਜ਼ਰ ਸਨ।