ਪਲਾਸਟਿਕ ਡੋਰ ਦੀ ਲਪੇਟ ’ਚ ਆ ਕੇ ਅੱਧੀ ਦਰਜ਼ਨ ਜ਼ਖ਼ਮੀ
ਚਾਇਨਾ ਡੋਰ ਦੀ ਲਪੇਟ ਵਿਚ ਆ ਕੇ ਅੱਧੀ ਦਰਜ਼ਨ ਜਖਮੀ, ਡੋਰ ਨਾਲ ਜਖਮੀ ਹੋਏ ਨੌਜਵਾਨ ਨੂੰ ਏਮਜ਼ ਰੈਫ਼ਰ ਕੀਤਾ
Publish Date: Fri, 23 Jan 2026 06:30 PM (IST)
Updated Date: Sat, 24 Jan 2026 04:10 AM (IST)
* ਡੋਰ ਨਾਲ ਜ਼ਖ਼ਮੀ ਹੋਏ ਨੌਜਵਾਨ ਨੂੰ ਏਮਜ਼ ਰੈਫ਼ਰ ਕੀਤਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਬਸੰਤ ਪੰਚਮੀ ਮੌਕੇ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ’ਚ ਪਤੰਗਬਾਜ਼ੀ ਦੌਰਾਨ ਗ਼ੈਰ ਕਾਨੂੰਨੀ ਪਲਾਸਟਿਕ ਡੋਰ ਵਰਤਣ ਕਾਰਨ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ। ਸ਼ੁੱਕਰਵਾਰ ਸਵੇਰੇ ਤੋਂ ਹੀ ਆਸਮਾਨ ’ਚ ਰੰਗ-ਬਿਰੰਗੀਆਂ ਪਤੰਗਾਂ ਉੱਡਦੀਆਂ ਨਜ਼ਰ ਆ ਰਹੀਆਂ ਸਨ ਪਰ ਤਿਉਹਾਰ ਦੀ ਖੁਸ਼ੀ ਉਸ ਸਮੇਂ ਦੁੱਖ ’ਚ ਬਦਲ ਗਈ ਜਦੋਂ ਤੇਜ਼ ਤੇ ਧਾਰਦਾਰ ਪਲਾਸਟਿਕ ਡੋਰ ਦੀ ਲਪੇਟ ’ਚ ਆ ਕੇ ਰਾਹਗੀਰ, ਦੋਪਹੀਆ ਵਾਹਨ ਚਾਲਕ ਤੇ ਹੋਰ ਲੋਕ ਜ਼ਖ਼ਮੀ ਹੋ ਗਏ। ਸ਼ੁੱਕਰਵਾਰ ਨੂੰ ਮਾਲ ਰੋਡ 'ਤੇ ਗੌਤਮ ਸਿੰਗਲਾ (23) ਪਲਾਸਟਿਕ ਡੋਰ ਦੀ ਲਪੇਟ ’ਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੇ ਬੁੱਲ ਪੂਰੀ ਤਰ੍ਹਾਂ ਕੱਟ ਗਏ, ਜਿਸ ਦੇ ਨਤੀਜੇ ਵਜੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਉਸ ਦੀ ਹਾਲਤ ਨੂੰ ਦੇਖਦਿਆਂ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਏਮਜ਼ ਬਠਿੰਡਾ ਰੈਫਰ ਕਰ ਦਿੱਤਾ। ਸਿਵਲ ਹਸਪਤਾਲ ਦੇ ਡਾਕਟਰਾਂ ਅਨੁਸਾਰ ਬਸੰਤ ਪੰਚਮੀ ਦੇ ਦਿਨ ਵੱਖ-ਵੱਖ ਇਲਾਕਿਆਂ ਤੋਂ ਪਲਾਸਟਿਕ ਡੋਰ ਨਾਲ ਕੱਟਣ ਦੇ ਲਗਪਗ ਅੱਧੀ ਦਰਜ਼ਨ ਮਾਮਲੇ ਸਾਹਮਣੇ ਆਏ। ਇਨ੍ਹਾਂ ’ਚੋਂ ਕੁਝ ਗੰਭੀਰ ਸੱਟਾਂ ਵਾਲੇ ਮਰੀਜ਼ਾਂ ਦਾ ਇਲਾਜ ਹਸਪਤਾਲ ’ਚ ਕੀਤਾ ਜਾ ਰਿਹਾ ਹੈ। ਡਾਕਟਰਾਂ ਅਨੁਸਾਰ ਪਲਾਸਟਿਕ ਡੋਰ ਬਹੁਤ ਖਤਰਨਾਕ ਹੁੰਦੀ ਹੈ, ਜਿਸ ਨਾਲ ਗਹਿਰੇ ਜ਼ਖ਼ਮ ਆ ਸਕਦੇ ਹਨ ਤੇ ਜਾਨ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਵੀ ਇਕ ਕੁੜੀ ਪਲਾਸਟਿਕ ਡੋਰ ਦੀ ਲਪੇਟ ’ਚ ਆ ਕੇ ਜ਼ਖ਼ਮੀ ਹੋ ਗਈ ਸੀ।