ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਹਨੀ ਟਰੈਪ ਵਿੱਚ ਫਸਾ ਕੇ ਲੁੱਟ ਖੋਹ ਕਰਨ ਵਾਲੇ ਗੈਂਗ ਦਾ ਪਰਦਾਫਾਸ਼
Publish Date: Fri, 23 Jan 2026 05:33 PM (IST)
Updated Date: Sat, 24 Jan 2026 04:07 AM (IST)

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਕੋਤਵਾਲੀ ਪੁਲਿਸ ਨੇ ਹਨੀ ਟਰੈਪ ਵਿੱਚ ਫਸਾ ਕੇ ਲੁੱਟ ਖੋਹ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗੈਂਗ ’ਚ ਪੰਜ ਔਰਤਾਂ ਤੇ ਤਿੰਨ ਵਿਅਕਤੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ’ਚ ਇਕ ਅਜਿਹਾ ਗਿਰੋਹ ਸਰਗਰਮ ਹੈ, ਜਿਹੜਾ ਔਰਤਾਂ ਦੇ ਸਹਾਰੇ ਅਮੀਰ ਲੋਕਾਂ ਨੂੰ ਹਨੀ ਟਰੈਪ ਵਿੱਚ ਫਸਾ ਕੇ ਲੁੱਟਾਂ ਖੋਹਾਂ ਕਰਦਾ ਆ ਰਿਹਾ ਹੈ। ਥਾਣਾ ਕੋਤਵਾਲੀ ਦੇ ਇੰਸਪੈਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਵਿਸ਼ਾਲ ਕੁਮਾਰ ਰਣਜੀਤ ਸਿੰਘ, ਸ਼ਿਵਾ, ਕਿਰਨਾ ਰਾਣੀ, ਨੀਤੂ, ਸੁਖਦੀਪ ਕੌਰ, ਮਨਪ੍ਰੀਤ ਕੌਰ ਅਤੇ ਕਮਲ ਨੇ ਮਿਲ ਕੇ ਇਕ ਗਿਰੋਹ ਤਿਆਰ ਕੀਤਾ ਹੋਇਆ ਹੈ। ਇਸ ਗਿਰੋਹ ਦੀਆਂ ਔਰਤਾਂ ਰਾਤ ਸਮੇਂ ਰਾਹਗੀਰਾਂ ਨੂੰ ਇਕੱਲਾ ਦੇਖ ਕੇ ਉਨ੍ਹਾਂ ਨਾਲ ਪਿਆਰ ਦਾ ਇਜ਼ਹਾਰ ਕਰ ਕੇ ਆਪਣੇ ਜਾਲ ਵਿੱਚ ਫਸਾ ਕੇ ਰੋਕ ਲੈਂਦੀਆਂ ਹਨ। ਉਕਤ ਔਰਤਾਂ ਰਾਹਗੀਰਾਂ ਨੂੰ ਸੁੰਨਸਾਨ ਥਾਂ ’ਤੇ ਲੈ ਜਾਂਦੀਆਂ ਹਨ ਜਿੱਥੇ ਪਹਿਲਾਂ ਹੀ ਉਨ੍ਹਾਂ ਦੇ ਦੂਜੇ ਸਾਥੀ ਹਥਿਆਰਾਂ ਨਾਲ ਲੈਸ ਹੋ ਕੇ ਬੈਠੇ ਹੁੰਦੇ ਹਨ। ਜਿਵੇਂ ਹੀ ਕੋਈ ਵਿਅਕਤੀ ਇਨ੍ਹਾਂ ਔਰਤਾਂ ਦੇ ਜਾਲ ਵਿੱਚ ਫਸ ਕੇ ਉੱਥੇ ਜਾਂਦਾ ਹੈ ਤਾਂ ਇਨ੍ਹਾਂ ਦੇ ਸਾਥੀ ਹਥਿਆਰਾਂ ਦੀ ਨੋਕ ’ਤੇ ਡਰਾ ਧਮਕਾ ਕੇ ਲੋਕਾਂ ਨਾਲ ਲੁੱਟ ਖੋਹ ਕਰਦੇ ਹਨ ਤੇ ਉਨਾਂ ਦਾ ਕੀਮਤੀ ਸਾਮਾਨ ਖੋਹ ਲੈਂਦੇ ਹਨ। ਗਿਰੋਹ ਨੇ ਹੁਣ ਤਕ ਕਈ ਲੋਕਾਂ ਨਾਲ ਅਜਿਹੀ ਲੁੱਟ ਖੋਹ ਕੀਤੀ ਹੈ। ਖਾਣਾ ਕੋਤਵਾਲੀ ਦੇ ਇੰਸਪੈਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਸਾਰੇ ਮੁਲਜਮਾਂ ਖਿਲਾਫ ਕੇਸ ਦਰਜ ਕਰਕੇ ਸਰਗਰਮੀ ਨਾਲ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।