ਅਖ਼ਬਾਰ ਵੰਡਣ ਵਾਲੇ ਹਾਕਰਾਂ ਦਾ ਸਾਈਕਲਾਂ ਤੇ ਜੈਕਟਾਂ ਨਾਲ ਸਨਮਾਨ
ਅਖਬਾਰ ਵੰਡਣ ਵਾਲੇ ਹਾਕਰਾਂ ਦਾ ਸਾਈਕਲਾਂ ਤੇ ਜੈਕਟਾਂ ਨਾਲ ਕੀਤਾ ਸਨਮਾਨ
Publish Date: Thu, 22 Jan 2026 06:55 PM (IST)
Updated Date: Thu, 22 Jan 2026 06:57 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ : ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਇੱਥੇ ਸਥਾਨਕ ਸ਼ਹੀਦ ਭਗਤ ਸਿੰਘ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਨਿਵੇਕਲੀ ਪਹਿਲਕਦਮੀ ‘ਨਵੀਂ ਉਡਾਣ’ ਤਹਿਤ ਅਖਬਾਰਾਂ ਵੰਡਣ ਵਾਲੇ 50 ਹਾਕਰਾਂ ਨੂੰ ਸਾਈਕਲਾਂ ਅਤੇ ਜੈਕਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਐੱਸਐੱਸਪੀ ਡਾ. ਜਯੋਤੀ ਯਾਦਵ ਬੈਂਸ ਅਤੇ ਮੇਅਰ ਪਦਮਜੀਤ ਸਿੰਘ ਮਹਿਤਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਜ ਵਿੱਚ ਇੱਕ ਵਰਗ ਅਖ਼ਬਾਰ ਵੰਡਣ ਵਾਲਿਆਂ ਦਾ ਹੁੰਦਾ ਹੈ। ਇਹ ਮਿਹਨਤਕਸ਼ ਲੋਕ ਹਨ, ਜੋ ਚਾਹੇ ਮੀਹ-ਹਨੇਰੀ ਹੋਵੇ, ਇਹ ਸਵੇਰੇ 4-5 ਵਜੇ ਉੱਠ ਕੇ ਲੋਕਾਂ ਦੇ ਘਰਾਂ ਵਿੱਚ ਅਖ਼ਬਾਰ ਪਹੁੰਚਾਉਂਦੇ ਹਨ। ਇਹ ਪਾਰਟ ਟਾਈਮ ਕੰਮ ਕਰਦੇ ਹਨ ਤੇ ਅਖ਼ਬਾਰ ਵੰਡਣ ਤੋਂ ਬਾਅਦ ਇਹ ਆਪਣੇ ਅਗਲੇ ਕੰਮ ਲਈ ਚਲੇ ਜਾਂਦੇ ਹਨ। ਇਹ ਲੋਕ ਅਖ਼ਬਾਰ ਵੰਡਣ ਦਾ ਕੰਮ ਸਾਈਕਲ ਰਾਹੀਂ ਕਰਦੇ ਹਨ। ਆਮ ਤੌਰ ’ਤੇ ਇਹ ਸਾਈਕਲ ਪੁਰਾਣੇ ਹੁੰਦੇ ਹਨ ਅਤੇ ਅਖ਼ਬਾਰ ਵੰਡਣ ਸਮੇਂ ਇਨ੍ਹਾਂ ਵਿੱਚ ਕੋਈ ਨਾ ਕੋਈ ਖਰਾਬੀ ਆ ਜਾਂਦੀ ਹੈ, ਜਿਸ ਨਾਲ ਇਨ੍ਹਾਂ ਨੂੰ ਅਖ਼ਬਾਰ ਵੰਡਣ ਤੇ ਆਪਣੇ ਅਗਲੇ ਕੰਮ ’ਤੇ ਜਾਣ ਵਿੱਚ ਦੇਰੀ ਹੋ ਜਾਂਦੀ ਹੈ। ਅਖ਼ਬਾਰ ਵੰਡਣ ਵਾਲਿਆਂ ਦੀਆਂ ਇਨ੍ਹਾਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਅਖ਼ਬਾਰ ਵੰਡਣ ਵਾਲਿਆਂ ਨੂੰ ਇੱਕ ਨਵਾਂ ਸਾਈਕਲ ਬਿਨਾਂ ਕਿਸੇ ਕੀਮਤ ਤੋਂ ਦਿੱਤਾ ਗਿਆ ਹੈ। ਇਸ ਉਪਰਾਲੇ ਦਾ ਮੁੱਖ ਮੰਤਵ ਅਖਬਾਰ ਵੰਡਣ ਵਾਲਿਆਂ ਦੇ ਰੋਜ਼ਾਨਾ ਜੀਵਨ ਨੂੰ ਸੁਖਾਲਾ ਬਣਾਉਣ ਤੋਂ ਇਲਾਵਾ ਉਨ੍ਹਾਂ ਦੀ ਮਿਹਨਤ ਨੂੰ ਸਨਮਾਨ ਦੇਣਾ ਹੈ। ਡੀਸੀ ਨੇ ਕਿਹਾ ਕਿ ਜਿੱਥੇ ਅਖ਼ਬਾਰ ਹਾਕਰ ਲੋਕਤੰਤਰ ਦੀ ਮਜ਼ਬੂਤ ਨੀਂਹ ਹਨ ਉੱਥੇ ਹੀ ਸੂਚਨਾ ਦੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਵੀ ਨਿਭਾਉਂਦੇ ਹਨ। ਉਨ੍ਹਾਂ ਆਸ ਜਤਾਈ ਕਿ ਸਾਈਕਲਾਂ ਮਿਲਣ ਨਾਲ ਅਖਬਾਰ ਹਾਕਰਾਂ ਨੂੰ ਆਪਣੇ ਕੰਮ ਵਿੱਚ ਹੋਰ ਸੁਵਿਧਾ ਮਿਲੇਗੀ ਅਤੇ ਉਹ ਹੋਰ ਉਤਸ਼ਾਹ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਭਵਿੱਖ ਵਿੱਚ ਵੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਜ਼ਿਲ੍ਹੇ ਦਾ ਕੋਈ ਵੀ ਲੋੜਵੰਦ ਵਿਅਕਤੀ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾਲ ਮਿਹਨਤੀ ਵਰਗ ਦਾ ਹੌਸਲਾ ਵਧਦਾ ਹੈ।