ਵਿਦਿਆਰਥੀਆਂ ਨੇ ਚਾਈਨਾ ਡੋਰ ਨੂੰ ਨਾ ਵਰਤਣ ਸਬੰਧੀ ਕੱਢੀ ਜਾਗਰੂਕ ਰੈਲੀ
ਆਕਸਫੋਰਡ ਦੇ ਵਿਦਿਆਰਥੀਆਂ ਨੇ ਚਾਇਨਾ ਡੋਰ ਨੂੰ ਨਾ ਵਰਤਣ ਸਬੰਧੀ ਕੱਢੀ ਜਾਗਰੂਕ ਰੈਲੀ
Publish Date: Thu, 22 Jan 2026 06:14 PM (IST)
Updated Date: Thu, 22 Jan 2026 06:15 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜੋ ਆਪਣੇ ਵਿਦਿਆਰਥੀਆਂ ਨੂੰ ਸਿਰਫ ਵਿੱਦਿਅਕ ਪੱਖ ਤੋਂ ਹੀ ਮੋਹਰੀ ਨਹੀਂ, ਸਗੋਂ ਸਮਾਜਿਕ ਪੱਖ ਤੋਂ ਵੀ ਵੱਖ-ਵੱਖ ਸਰਗਰਮੀਆਂ ਕਰਵਾਉਣ ਕਾਰਨ ਹਮੇਸ਼ਾ ਸੁਰਖੀਆਂ ਵਿਚ ਰਹਿੰਦੀ ਹੈ। ਸੰਸਥਾ ਦੇ ਵਿਦਿਆਰਥੀਆਂ ਵੱਲੋਂ ਨੇੜਲੇ ਪਿੰਡ ਮਲੂਕਾ, ਭਾਈਰੂਪਾ ਆਦਿ ਵਿਖੇ ਇੱਕ ਰੈਲੀ ਕੱਢੀ ਗਈ, ਜਿਸ ਵਿੱਚ ਚਾਈਨਾ ਡੋਰ ਦੇ ਨੁਕਸਾਨਾਂ ਨੂੰ ਮੁੱਖ ਰੱਖ ਕੇ ਇਸ ਨੂੰ ਨਾ ਵਰਤਣ ਦਾ ਸੁਨੇਹਾ ਦਿੱਤਾ ਗਿਆ। ਸੰਸਥਾ ਦੇ ਐੱਨਸੀਸੀ ਕੈਡਿਟ, ਨੇਵੀ ਕੈਡਿਟ ਅਤੇ ਸਕਾਊਟ ਐਂਡ ਗਾਇਡ ਦੇ ਕੈਡਿਟਾਂ ਨੂੰ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਵਿਦਿਆਰਥੀਆਂ ਨੇ ਪਿੰਡਾਂ ਵਿੱਚ ਜਾ ਪਿੰਡ ਵਾਸੀਆਂ ਨੂੰ ਚਾਈਨਾ ਡੋਰ ਦੇ ਕਾਰਨ ਜਾਣ ਵਾਲੀਆਂ ਮਨੁੱਖਾਂ ਅਤੇ ਪੰਛੀਆਂ ਦੀਆਂ ਜਾਨਾਂ ਅਤੇ ਹੋਰ ਵਾਪਰਨ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਇਸ ਦੀ ਵਰਤੋਂ ਨਾ ਕਰਨ ਅਤੇ ਇਸ ਦੀ ਥਾਂ ਦੇਸੀ ਡੋਰ ਵਰਤਣ ਦਾ ਸੰਦੇਸ਼ ਦਿੱਤਾ। ਪਿੰਡ ਦੇ ਮੋਹਤਬਰ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵੀ ਸਕੂਲ ਦੇ ਵਿਦਿਆਰਥੀਆਂ ਨੂੰ ਇਸ ਡੋਰ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਕੀਮਤੀ ਜਾਨਾਂ ਨਾ ਗੁਆਉਣ ਦਾ ਸੁਨੇਹਾ ਦਿੱਤਾ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਵਿਦਿਆਰਥੀਆਂ ਅਤੇ ਇਸ ਸੰਸਥਾ ਦੇ ਇਸ ਜਾਗਰੂਕ ਕਦਮ ਦੀ ਸ਼ਲਾਘਾ ਕੀਤੀ ਅਤੇ ਆਪਣੇ ਪਿੰਡਾਂ ਵਿੱਚ ਇਸ ਦੀ ਵਰਤੋਂ ਨਾ ਕਰਨ ਲਈ ਉਚੇਚ ਕਰਨ ਦਾ ਵਾਅਦਾ ਕੀਤਾ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ-ਸਕੱਤਰ ਨੇ ਵਿਦਿਆਰਥੀਆਂ ਦੀ ਇਸ ਕੋਸ਼ਿਸ਼ ਦੀ ਭਰਪੂਰ ਸ਼ਲਾਘਾ ਕੀਤੀ।