ਥਰਮਲ ਪਲਾਂਟ ’ਚ ਪਰਾਲੀ ਦੀਆਂ ਗੱਟੀਆਂ ਦੇ ਘਪਲੇ ਦੀ ਵਿਜੀਲੈਂਸ ਜਾਂਚ ਦੀ ਮੰਗ
ਥਰਮਲ ਪਲਾਂਟ ਰੂਪਨਗਰ ਵਿਚ ਪਰਾਲੀ ਦੀਆਂ ਗੱਟੀਆਂ ਦੇ ਘਪਲੇ ਦੀ ਵਿਜੀਲੈਂਸ ਜਾਂਚ ਦੀ ਮੰਗ
Publish Date: Thu, 22 Jan 2026 05:57 PM (IST)
Updated Date: Thu, 22 Jan 2026 06:00 PM (IST)

- ਕੋਲੇ ਨਾਲੋਂ ਘੱਟ ਹੀਟ, ਦੋਗੁਣਾ ਰੇਟ ਜਥੇਬੰਦੀਆਂ ਨੇ ਉਠਾਏ ਸਵਾਲ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਰਮਲ ਪਲਾਂਟ ਰੂਪਨਗਰ ਵਿਚ ਕੋਲੇ ਨਾਲ ਮਿਲਾਉਣ ਲਈ ਪ੍ਰਾਈਵੇਟ ਫਰਮਾਂ ਵੱਲੋਂ ਸਪਲਾਈ ਕੀਤੀਆਂ ਜਾ ਰਹੀਆਂ ਪਰਾਲੀ ਦੀਆਂ ਗੱਟੀਆਂ (ਪੈਲਿਟ) ਵਿਚ ਘਟੀਆ ਕਿਸਮ ਦਾ ਪਦਾਰਥ ਹੋਣ ਦੇ ਦੋਸ਼ ਲਗਾਉਂਦਿਆਂ ਉੱਥੋਂ ਦੀਆਂ ਜਥੇਬੰਦੀਆਂ ਨੇ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਜਥੇਬੰਦੀਆਂ ਦਾ ਦਾਅਵਾ ਹੈ ਕਿ ਇਹ ਸਾਰਾ ਕਾਰੋਬਾਰ ਅਕਸਰ ਰਾਤ ਦੇ ਹਨੇਰੇ ਵਿਚ ਕੀਤਾ ਜਾ ਰਿਹਾ ਹੈ, ਜੋ ਘਪਲੇ ਵੱਲ ਇਸ਼ਾਰਾ ਕਰਦਾ ਹੈ। ਇਸ ਸਬੰਧੀ ਜਥੇਬੰਦੀਆਂ ਵੱਲੋਂ ਵੀਡੀਓ ਵੀ ਜਾਰੀ ਕੀਤੀ ਗਈ ਹੈ। ਇੰਪਲਾਈਜ਼ ਫੈੱਡਰੇਸ਼ਨ ਚਾਹਲ ਗਰੁੱਪ, ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਜਥੇਬੰਦੀ ਨੇ ਮੀਟਿੰਗ ਕਰ ਕੇ ਥਰਮਲ ਪਲਾਂਟ ਰੂਪਨਗਰ ਦੀਆਂ ਜਥੇਬੰਦੀਆਂ ਦਾ ਸਮਰਥਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਾਇਲਰ ਵਿਚ ਸਪਲਾਈ ਹੋਣ ਵਾਲੇ ਕੋਲੇ ਵਿਚ 5 ਫ਼ੀਸਦੀ ਪਰਾਲੀ ਦੀਆਂ ਗੱਟੀਆਂ ਮਿਲਾਉਣਾ ਲਾਜ਼ਮੀ ਹੈ। ਜਥੇਬੰਦੀਆਂ ਨੇ ਦੱਸਿਆ ਕਿ ਥਰਮਲ ਪਲਾਂਟ ਵਿਚ ਹਰ ਰੋਜ਼ ਲਗਭਗ 10 ਹਜ਼ਾਰ ਟਨ ਕੋਲਾ (24 ਘੰਟਿਆਂ ਵਿੱਚ) ਜਲਾਇਆ ਜਾਂਦਾ ਹੈ, ਜਿਸ ਵਿਚ ਕਰੀਬ 500 ਟਨ ਪਰਾਲੀ ਦੀਆਂ ਗੱਟੀਆਂ ਵੀ ਵਰਤੀਆਂ ਜਾਂਦੀਆਂ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਝਾਰਖੰਡ ਤੋਂ ਮੰਗਵਾਇਆ ਗਿਆ ਕੋਲਾ ਪਾਵਰਕਾਮ ਨੂੰ ਕਰੀਬ 4 ਹਜ਼ਾਰ ਰੁਪਏ ਪ੍ਰਤੀ ਟਨ ਪੈਂਦਾ ਹੈ, ਜਿਸ ਦੀ ਹੀਟ ਵੈਲਯੂ ਲਗਭਗ 4500 ਕੈਲਰੀ ਪ੍ਰਤੀ ਗ੍ਰਾਮ ਹੈ, ਜਦਕਿ ਪਰਾਲੀ ਦੀਆਂ ਗੱਟੀਆਂ 8 ਹਜ਼ਾਰ ਰੁਪਏ ਪ੍ਰਤੀ ਟਨ ਤਕ ਪੈਂਦੀਆਂ ਹਨ ਅਤੇ ਉਨ੍ਹਾਂ ਦੀ ਹੀਟ ਵੈਲਯੂ ਸਿਰਫ਼ 3000 ਕੈਲਰੀ ਪ੍ਰਤੀ ਗ੍ਰਾਮ ਹੈ। ਆਗੂਆਂ ਦਾ ਕਹਿਣਾ ਹੈ ਕਿ ਘਟੀਆ ਕਿਸਮ ਦੀਆਂ ਗੱਟੀਆਂ ਨਾਲ ਥਰਮਲ ਪਲਾਂਟ ਦੀ ਅਰਬਾਂ ਰੁਪਏ ਦੀ ਮਹਿੰਗੀ ਮਸ਼ੀਨਰੀ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਹਿੰਗੀਆਂ ਗੱਟੀਆਂ ਕੁਝ ਅਧਿਕਾਰੀਆਂ ਲਈ ਕਮਾਈ ਦਾ ਸਾਧਨ ਬਣੀਆਂ ਹੋਈਆਂ ਹਨ, ਜਿਸ ਕਰ ਕੇ ਇਹ ਘਪਲਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਚ ਵੀ ਦੋ ਸਾਲ ਪਹਿਲਾਂ ਮੁਲਾਜ਼ਮਾਂ ਵੱਲੋਂ ਇਸ ਤਰ੍ਹਾਂ ਦਾ ਘਪਲਾ ਉਜਾਗਰ ਕੀਤਾ ਗਿਆ ਸੀ। ਇਸ ਉਪਰੰਤ ਉਸ ਸਮੇਂ ਦੇ ਚੀਫ਼ ਇੰਜੀਨੀਅਰ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਜ਼ਿੰਮੇਵਾਰ ਅਧਿਕਾਰੀ ਨੂੰ ਬਦਲ ਦਿੱਤਾ ਗਿਆ ਸੀ ਅਤੇ ਨਿਗਰਾਨੀ ਲਈ ਅਧਿਕਾਰੀਆਂ ਦੀ ਇਕ ਕਮੇਟੀ ਬਣਾਈ ਗਈ ਸੀ, ਜੋ ਅੱਜ ਤਕ ਸਹੀ ਢੰਗ ਨਾਲ ਨਿਗਰਾਨੀ ਕਰ ਰਹੀ ਹੈ। ਉੱਥੇ ਪਰਾਲੀ ਦੀਆਂ ਗੱਟੀਆਂ ਦੇ ਟਰੱਕ ਦਿਨ ਦੇ ਸਮੇਂ ਹੀ ਅਨਲੋਡ ਕੀਤੇ ਜਾਂਦੇ ਹਨ, ਜਦਕਿ ਰੂਪਨਗਰ ਵਿਚ ਰਾਤ ਦੇ ਹਨੇਰੇ ਵਿਚ ਅਨਲੋਡਿੰਗ ਹੋਣਾ ਸ਼ੱਕ ਨੂੰ ਜਨਮ ਦਿੰਦਾ ਹੈ। ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਕਿਸਾਨ ਜਥੇਬੰਦੀਆਂ ਪਰਾਲੀ ਨੂੰ ਖੇਤਾਂ ਵਿੱਚ ਨਸ਼ਟ ਕਰਨ ਲਈ 2500 ਰੁਪਏ ਪ੍ਰਤੀ ਏਕੜ ਦੀ ਮੰਗ ਕਰ ਰਹੀਆਂ ਸਨ, ਪਰ ਇੱਥੇ ਲੱਖਾਂ ਰੁਪਏ ਖਰਚ ਕਰਕੇ ਮਹਿੰਗੀਆਂ ਗੱਟੀਆਂ ਖਰੀਦੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਥਰਮਲ ਪਲਾਂਟਾਂ ਦੀ ਕਰੋੜਾਂ ਰੁਪਏ ਦੀ ਮਸ਼ੀਨਰੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਜਥੇਬੰਦੀ ਨੇ ਐਲਾਨ ਕੀਤਾ ਕਿ ਉਹ ਥਰਮਲ ਪਲਾਂਟ ਰੂਪਨਗਰ ਦੀਆਂ ਜਥੇਬੰਦੀਆਂ ਦੇ ਨਾਲ ਪੂਰੀ ਤਰ੍ਹਾਂ ਖੜ੍ਹੀ ਹੈ। ਜੇਕਰ ਮੈਨੇਜਮੈਂਟ ਵੱਲੋਂ ਜਥੇਬੰਦੀ ਦੇ ਆਗੂਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਤਾਂ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੀਟਿੰਗ ਵਿਚ ਬਲਜੀਤ ਸਿੰਘ ਬਰਾੜ, ਲਖਵੰਤ ਸਿੰਘ ਬਾਡੀ, ਰਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ, ਕੇਸਵ ਅਧਿਕਾਰੀ, ਗੁਰਲਾਲ ਸਿੰਘ ਗਿੱਲ, ਜਸਨਦੀਪ ਸਿੰਘ, ਅਜੈਬ ਸਿੰਘ ਅਤੇ ਜਤਿੰਦਰ ਕੁਮਾਰ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।