- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਪਾਰਟੀ ਨੂੰ ਮਿਲਿਆ ਵੱਡਾ ਬਲ, ਟਕਸਾਲੀ ਪਰਿਵਾਰਾਂ ਨੇ ਕੀਤੀ ਘਰ ਵਾਪਸੀ

- ਕਾਂਗਰਸ ਨਾਲ ਧੋਖਾ ਕਰਨ ਵਾਲੇ ਰਹਿਣ ਦੂਰ, ਨਿਗਮ ਚੋਣਾਂ ’ਚ ਵਫ਼ਾਦਾਰਾਂ ਨੂੰ ਮਿਲੇਗੀ ਤਰਜੀਹ : ਗਰਗ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕਾਂਗਰਸ ਪਾਰਟੀ ਨੂੰ ਬਠਿੰਡਾ ਸ਼ਹਿਰ ਵਿਚ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਪਾਰਟੀ ਦੀ ਪੁਰਾਣੀ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਕੁਝ ਸਮੇਂ ਤੋਂ ਪਾਰਟੀ ਸਰਗਰਮੀਆਂ ਤੋਂ ਦੂਰ ਰਹਿੰਦੇ ਟਕਸਾਲੀ ਕਾਂਗਰਸੀ ਪਰਿਵਾਰਾਂ ਨੇ ਮੁੜ ਕਾਂਗਰਸ ਵਿਚ ਘਰ ਵਾਪਸੀ ਕੀਤੀ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਮੌਜੂਦਗੀ ਵਿਚ ਕਾਂਗਰਸ ਭਵਨ ਵਿਖੇ 14 ਪਰਿਵਾਰਾਂ ਵੱਲੋਂ ਪਾਰਟੀ ਵਿਚ ਸ਼ਾਮਲ ਹੋ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਹ ਘਰ ਵਾਪਸੀ ਸਾਬਕਾ ਮੇਅਰ ਅਸ਼ੋਕ ਕੁਮਾਰ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਅਤੇ ਮੰਡਲ ਪ੍ਰਧਾਨ ਨਰੇਸ਼ ਮਿੱਤਰ ਦੀਆਂ ਕੋਸ਼ਿਸ਼ਾਂ ਸਦਕਾ ਸੰਭਵ ਹੋਈ। ਪਾਰਟੀ ਦੀ ਸਮੂਹ ਲੀਡਰਸ਼ਿਪ ਵੱਲੋਂ ਸ਼ਾਮਲ ਹੋਏ ਪਰਿਵਾਰਾਂ ਨੂੰ ਕਾਂਗਰਸ ਦੇ ਚੋਣ ਨਿਸ਼ਾਨ ਵਾਲਾ ਝੰਡਾ ਪਾ ਕੇ ਗਰਮਜੋਸ਼ੀ ਨਾਲ ਜੀ ਆਇਆ ਕਿਹਾ ਗਿਆ। ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਆਸ਼ੂ ਠਾਕੁਰ, ਲਵੀ ਗਰਗ, ਵਿਸ਼ਾਲ ਗਰਗ, ਤਰੁਣ ਠਾਕੁਰ, ਮੋਹਿਤ ਗੋਰਾ, ਕ੍ਰਿਸ਼ ਅਰੋੜਾ, ਅੰਕੁਰ ਗਰਗ, ਮਨਿੰਦਰ ਸਿੰਘ, ਯੋਗੇਸ਼ ਕੁਮਾਰ, ਸੰਜੇ, ਹਰਪ੍ਰੀਤ ਸ਼ੈਟੀ, ਸੂਰਜ ਗੁਪਤਾ, ਇੰਦਰਜੀਤ ਭਾਊ, ਨਵੀਨ ਕੁਮਾਰ, ਨਵੀਨ ਬਾਵਾ ਅਤੇ ਪ੍ਰਮੋਦ ਕੁਮਾਰ ਦੇ ਨਾਮ ਸ਼ਾਮਲ ਹਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਨਾਰਾਜ਼ ਟਕਸਾਲੀ ਪਰਿਵਾਰਾਂ ਦੀ ਘਰ ਵਾਪਸੀ ਇਹ ਸਪੱਸ਼ਟ ਕਰਦੀ ਹੈ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਸ਼ਹਿਰ ਵਾਸੀਆਂ ਵਿਚ ਕਾਂਗਰਸ ਪਾਰਟੀ ਪ੍ਰਤੀ ਵੱਡਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਨਿਗਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਰਾਜਨ ਗਰਗ ਨੇ ਸਪੱਸ਼ਟ ਕੀਤਾ ਕਿ ਨਗਰ ਨਿਗਮ ਚੋਣਾਂ ਵਿਚ ਸਿਰਫ਼ ਪਾਰਟੀ ਪ੍ਰਤੀ ਵਫ਼ਾਦਾਰ ਅਤੇ ਮਜ਼ਬੂਤ ਆਗੂਆਂ ਨੂੰ ਹੀ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ। ਉਨ੍ਹਾਂ ਦਲ-ਬਦਲੂ ਕੌਂਸਲਰਾਂ ਨੂੰ ਸਖ਼ਤ ਸ਼ਬਦਾਂ ਵਿਚ ਸਲਾਹ ਦਿੰਦਿਆਂ ਕਿਹਾ ਕਿ ਮਾਂ ਪਾਰਟੀ ਨਾਲ ਧੋਖਾ ਕਰਨਾ ਨਿੰਦਣਯੋਗ ਹੈ ਅਤੇ ਅਜਿਹੀਆਂ ਹਰਕਤਾਂ ਕਾਂਗਰਸ ਵਿਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਕਬੂਲ ਨਹੀਂ ਕਿ ਸਵੇਰੇ ਹਾਜ਼ਰੀ ਕਾਂਗਰਸ ਭਵਨ ਵਿਚ ਅਤੇ ਸ਼ਾਮ ਨੂੰ ਕਿਸੇ ਹੋਰ ਪਾਰਟੀ ਦੇ ਦਫ਼ਤਰ ਵਿੱਚ ਲਾਈ ਜਾਵੇ। ਇਸ ਮੌਕੇ ਰਾਜਨ ਗਰਗ ਨੇ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਦੀ ਪੂਰਨ ਬਹੁਮਤ ਨਾਲ ਜਿੱਤ ਦਾ ਦਾਅਵਾ ਕੀਤਾ ਅਤੇ ਨਾਲ ਹੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕੀਤੇ। ਇਸ ਸਮਾਗਮ ਦੌਰਾਨ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਠੇਕੇਦਾਰ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਬਲਾਕ ਪ੍ਰਧਾਨ ਮਾਧਵ ਸ਼ਰਮਾ, ਕਿਰਨਜੀਤ ਸਿੰਘ ਗਹਿਰੀ, ਸਾਬਕਾ ਪ੍ਰਧਾਨ ਅਰੁਣ ਵਧਾਵਣ, ਸਨੀ ਬਰਾੜ, ਚੇਅਰਮੈਨ ਸੁਨੀਲ ਕੁਮਾਰ, ਦੁਲੀ ਚੰਦ ਕਲਾਣੀਆ, ਰੂਪ ਸਿੰਘ ਅਤੇ ਹੋਰ ਕਈ ਸੀਨੀਅਰ ਆਗੂ ਹਾਜ਼ਰ ਸਨ।