ਡੇਰਾ ਬਾਬਾ ਸਿੱਧ ਤਿਲਕਰਾਓ ਦਿਉਣ ’ਚ 12ਵਾਂ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ
ਡੇਰਾ ਬਾਬਾ ਸਿੱਧ ਤਿਲਕਰਾਓ ਦਿਉਣ ਵਿਖੇ 12ਵਾਂ ਤਿੰਨ ਰੋਜ਼ਾ ਸਲਾਨਾ ਧਾਰਮਿਕ ਸਮਾਗਮ ਕਰਵਾਇਆ
Publish Date: Thu, 22 Jan 2026 04:38 PM (IST)
Updated Date: Thu, 22 Jan 2026 04:39 PM (IST)
ਗੁਰਨੈਬ ਸਾਜਨ, ਪੰਜਾਬੀ ਜਾਗਰਣ
ਬੱਲੂਆਣਾ : ਡੇਰਾ ਬਾਬਾ ਸਿੱਧ ਤਿਲਕ ਰਾਓ ਦਿਉਣ ਵਿਖੇ 12ਵਾਂ ਤਿੰਨ ਰੋਜ਼ਾ ਧਾਰਮਿਕ ਦੀਵਾਨ ਭਗਤੀ ਭਾਵ ਨਾਲ ਸਜਾਇਆ ਗਿਆ, ਜਿਸ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਵਾਮੀ ਰਾਮ ਤੀਰਥ ਜਲਾਲ ਵਾਲੇ ਮਹਾਪੁਰਸ਼ਾਂ ਵੱਲੋਂ ਸੰਗਤਾਂ ਨੂੰ ਆਪਣੇ ਪ੍ਰਭਾਵਸ਼ਾਲੀ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ ਗਿਆ। ਕਥਾ-ਪ੍ਰਵਚਨਾਂ ਦੌਰਾਨ ਸਵਾਮੀ ਰਾਮ ਤੀਰਥ ਜਲਾਲ ਵਾਲਿਆਂ ਨੇ ਤਿੰਨੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਮਾਘ ਦਾ ਮਹੀਨਾ ਬਹੁਤ ਅਹਿਮ ਹੈ, ਜਿਸ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜੋ ਸਮਾਂ ਸਤਿਗੁਰਾਂ ਦੀ ਯਾਦ ਵਿਚ ਬੀਤਦਾ ਹੈ, ਉਹੀ ਸਾਡਾ ਅਸਲੀ ਸਮਾਂ ਹੈ, ਬਾਕੀ ਸਾਰਾ ਸਮਾਂ ਜਗਤ ਦੇ ਲੇਖੇ ਲੱਗ ਜਾਂਦਾ ਹੈ। ਜਗਤ ਕਦਰ ਕਰੇ ਜਾਂ ਨਾ ਕਰੇ, ਪਰ ਸਤਿਗੁਰੂ ਹਰ ਜੀਵ ਦੀ ਕਦਰ ਜ਼ਰੂਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਲੰਘ ਨਹੀਂ ਰਹੀ, ਬਲਕਿ ਬੀਤ ਰਹੀ ਹੈ ਅਤੇ ਹਰ ਘੜੀ, ਹਰ ਪਲ ਬੜਾ ਮਹੱਤਵ ਰੱਖਦਾ ਹੈ। ਜੇਕਰ ਸਾਡੀ ਜ਼ੁਬਾਨ, ਗਿਆਨ ਅਤੇ ਧਿਆਨ ਇਕ ਹੋ ਜਾਣ, ਤਾਂ ਉਹ ਮਹਾਂ ਤੀਰਥ ਬਣ ਜਾਂਦਾ ਹੈ। ਉਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਪੜ੍ਹਨ, ਸੁਣਨ ਅਤੇ ਵਿਚਾਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਾਨੂੰ ਜੀਵਨ ਜਿਊਣ ਦੀ ਸਹੀ ਜਾਂਚ ਸਿਖਾਉਂਦੀ ਹੈ। ਤਿੰਨੇ ਦਿਨ ਸੰਗਤਾਂ ਨੇ ਗੁਰੂ ਦਾ ਜਸ ਸੁਣ ਕੇ ਆਤਮਕ ਆਨੰਦ ਮਾਣਿਆ। ਇਸ ਮੌਕੇ ਸੰਤ ਬਾਬਾ ਮਹਿੰਦਰ ਸਿੰਘ ਸੂਰਘੂਰੀ ਵਾਲਿਆਂ ਨੇ ਵੀ ਦੀਵਾਨਾਂ ਵਿਚ ਹਾਜ਼ਰੀ ਭਰੀ। ਸਵਾਮੀ ਰਾਮ ਤੀਰਥ ਨੇ ਕਿਹਾ ਕਿ ਦਿਉਣ ਦੀ ਸੰਗਤ ਹਰ ਸਾਲ ਰਲ ਮਿਲ ਕੇ ਇਹ ਧਾਰਮਿਕ ਦੀਵਾਨ ਕਰਵਾਉਂਦੀ ਆ ਰਹੀ ਹੈ ਅਤੇ ਭਵਿੱਖ ਵਿਚ ਵੀ ਇਹ ਰਿਵਾਇਤ ਜਾਰੀ ਰਹੇਗੀ। ਅਗਲੇ ਸਾਲ ਵੀ ਪੋਹ ਮਹੀਨੇ ਦੇ ਸ਼ਹਾਦਤਾਂ ਵਾਲੇ ਹਫ਼ਤੇ ਦੌਰਾਨ ਧਾਰਮਿਕ ਦੀਵਾਨ ਸਜਾਉਣ ਦਾ ਫੈਸਲਾ ਕੀਤਾ ਗਿਆ ਹੈ। ਦੀਵਾਨ ਦੇ ਸਮਾਪਨ ਉਪਰੰਤ ਡੇਰਾ ਬਾਬਾ ਸਿੱਧ ਤਿਲਕ ਰਾਓ ਦੇ ਮੁੱਖ ਸੇਵਾਦਾਰ ਬਾਬਾ ਤੇਜਾ ਦਾਸ, ਪ੍ਰਬੰਧਕ ਕਮੇਟੀ ਅਤੇ ਨਗਰ ਵੱਲੋਂ ਸਵਾਮੀ ਰਾਮ ਤੀਰਥ ਅਤੇ ਉਨ੍ਹਾਂ ਦੇ ਕੀਰਤਨੀ ਜਥੇ ਨੂੰ ਲੋਈਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸੰਗਤਾਂ ਨੇ ਗੁਰੂ ਕਾ ਲੰਗਰ ਛਕਿਆ।