ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਅਗਵਾਈ ’ਚ ਲੋਕ ਸੰਪਰਕ ਮੁਹਿੰਮ ਤੇਜ਼
ਤਲਵੰਡੀ ਸਾਬੋ ਹਲਕੇ ਵਿਚ ਕਾਂਗਰਸ ਦੀ ਸਰਗਰਮੀ
Publish Date: Wed, 21 Jan 2026 06:38 PM (IST)
Updated Date: Thu, 22 Jan 2026 04:07 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਤਲਵੰਡੀ ਸਾਬੋਂ ਹਲਕੇ ਦੀ ਰਾਜਨੀਤੀ ’ਚ ਇਨ੍ਹਾਂ ਦਿਨਾਂ ਵਿਚ ਕਾਂਗਰਸ ਪਾਰਟੀ ਦੀ ਸਰਗਰਮੀ ਸਪਸ਼ਟ ਤੌਰ ‘ਤੇ ਨਜ਼ਰ ਆ ਰਹੀ ਹੈ। ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਲਗਾਤਾਰ ਮੈਦਾਨੀ ਹਾਜ਼ਰੀ, ਲੋਕਾਂ ਨਾਲ ਨੇੜਲੇ ਸੰਪਰਕ ਤੇ ਸਮਾਜਿਕ ਮੁੱਦਿਆਂ ਵਿਚ ਸਹਿਭਾਗੀ ਭੂਮਿਕਾ ਨੇ ਹਲਕੇ ਵਿਚ ਪਾਰਟੀ ਦੀ ਸਥਿਤੀ ਨੂੰ ਨਵਾਂ ਬਲ ਦਿੱਤਾ ਹੈ। ਇਸੇ ਲੜੀ ਹੇਠ ਭਾਗੀਵਾਂਦਰ ਨੇ ਪਿੰਡ ਭਾਗੀਵਾਂਦਰ ਵਿਚ ਸਾਬਕਾ ਸਰਪੰਚ ਬਲਕਰਨ ਸਿੰਘ ਦੇ ਘਰ ਹੋਏ ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਵਿਚ ਵਿਸ਼ੇਸ਼ ਹਾਜ਼ਰੀ ਲਗਾ ਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਮੱਥਾ ਟੇਕਿਆ ਅਤੇ ਸੰਗਤ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਰ ਸਮੇਂ ਲੋਕਾਂ ਦੇ ਨਾਲ ਖੜੀ ਹੈ ਅਤੇ ਇਹ ਰਿਸ਼ਤਾ ਸਿਰਫ਼ ਰਾਜਨੀਤੀ ਤਕ ਸੀਮਤ ਨਹੀਂ, ਸਗੋਂ ਸਮਾਜਕ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਭਾਗੀਵਾਂਦਰ ਨੇ ਸਾਬਕਾ ਸਰਪੰਚ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਹਲਕੇ ਦੀ ਵਿਕਾਸ ਯਾਤਰਾ ਵਿਚ ਅਜਿਹੇ ਤਜ਼ਰਬੇਕਾਰ ਆਗੂਆਂ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ, ਵਰਕਰ ਸੰਮੇਲਨ ਅਤੇ ਸਮਾਜਿਕ ਇਕੱਠਾਂ ਦੁਆਰਾ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ‘ਤੇ ਧਿਆਨ ਦਿੱਤਾ। ਉਨ੍ਹਾਂ ਵਰਕਰਾਂ ਨੂੰ ਸੰਦੇਸ਼ ਦਿੱਤਾ ਕਿ ਬੂਥ ਪੱਧਰ ‘ਤੇ ਪਾਰਟੀ ਨੂੰ ਮਜ਼ਬੂਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਤੇ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਲਗਾਤਾਰ ਮੈਦਾਨੀ ਸਰਗਰਮੀ ਅਤੇ ਲੋਕਾਂ ਨਾਲ ਨੇੜਲੇ ਸੰਪਰਕ ਕਾਰਨ ਪਾਰਟੀ ਵਰਕਰਾਂ ਵਿਚ ਉਮੀਦ ਦੀ ਨਵੀਂ ਲਹਿਰ ਦੌੜ ਰਹੀ ਹੈ।