- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਜ਼ਿਲ੍ਹੇ ’ਚ ਬਸੰਤ ਪੰਚਮੀ ਦੀ ਧੂਮ, 23 ਜਨਵਰੀ ਨੂੰ ਅਸਮਾਨ ਹੋਵੇਗਾ ਪਤੰਗਾਂ ਨਾਲ ਰੰਗੀਨ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਬਠਿੰਡਾ ਸ਼ਹਿਰ ਵਿੱਚ ਬਸੰਤ ਪੰਚਮੀ ਨੂੰ ਲੈ ਕੇ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਤਿਉਹਾਰ 23 ਜਨਵਰੀ ਨੂੰ ਪੂਰੇ ਉੱਲਾਸ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਤਿਉਹਾਰ ਤੋਂ ਪਹਿਲਾਂ ਹੀ ਸ਼ਹਿਰ ਦਾ ਮਾਹੌਲ ਰੰਗੀਨ ਹੋ ਚੁੱਕਾ ਹੈ ਤੇ ਬਾਜ਼ਾਰਾਂ ਵਿੱਚ ਰੌਣਕ ਵਾਪਸ ਆ ਗਈ ਹੈ। ਅਮਰੀਕ ਸਿੰਘ ਰੋਡ, ਕਿਲਾ ਰੋਡ ਸਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਤੰਗਾਂ ਅਤੇ ਡੋਰ ਦੀਆਂ ਦੁਕਾਨਾਂ ਸਜ ਚੁੱਕੀਆਂ ਹਨ, ਜਿੱਥੇ ਸਵੇਰੇ ਤੋਂ ਸ਼ਾਮ ਤੱਕ ਗ੍ਰਾਹਕਾਂ ਦੀ ਭੀੜ ਰਹਿੰਦੀ ਹੈ। ਬਸੰਤ ਪੰਚਮੀ ਨੂੰ ਲੈ ਕੇ ਖ਼ਾਸ ਤੌਰ ‘ਤੇ ਬੱਚਿਆਂ ਵਿੱਚ ਜਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਪਰ ਵੱਡੇ ਵੀ ਪਿੱਛੇ ਨਹੀਂ ਹਨ। ਹਰ ਉਮਰ ਦੇ ਲੋਕ ਬਜ਼ਾਰਾਂ ਵਿੱਚ ਆ ਕੇ ਆਪਣੀ ਪਸੰਦ ਦੀ ਪਤੰਗ ਅਤੇ ਡੋਰ ਖਰੀਦ ਰਹੇ ਹਨ। ਇਨ੍ਹਾਂ ਦਿਨਾਂ ਵਿੱਚ ਬਾਜ਼ਾਰਾਂ ਵਿੱਚ ਪਤੰਗਾਂ ਅਤੇ ਡੋਰ ਦੀ ਖਰੀਦਾਰੀ ਆਪਣੇ ਚਰਮ ਸੀਮਾ ‘ਤੇ ਹੈ। ਦੁਕਾਨਦਾਰਾਂ ਦੇ ਅਨੁਸਾਰ ਜਿਵੇਂ ਜਿਵੇਂ ਬਸੰਤ ਪੰਚਮੀ ਨੇੜੇ ਆ ਰਹੀ ਹੈ, ਤਿਵੇਂ ਵਿਕਰੀ ਵਿੱਚ ਹੋਰ ਤੇਜ਼ੀ ਆਉਣ ਦੀ ਉਮੀਦ ਹੈ। ਬਾਜ਼ਾਰ ਵਿੱਚ ਇਸ ਵਾਰ ਬਰੇਲੀ, ਰਾਮਪੁਰ ਅਤੇ ਅੰਮ੍ਰਿਤਸਰ ਦੀਆਂ ਪਤੰਗਾਂ ਦੀ ਖ਼ਾਸ ਮੰਗ ਦੇਖੀ ਜਾ ਰਹੀ ਹੈ। ਰੰਗ-ਬਿਰੰਗੀ ਵੱਖ-ਵੱਖ ਡਿਜ਼ਾਈਨਾਂ ਅਤੇ ਆਕਾਰਾਂ ਵਾਲੀਆਂ ਪਤੰਗਾਂ ਲੋਕਾਂ ਨੂੰ ਬਹੁਤ ਆਕਰਸ਼ਿਤ ਕਰ ਰਹੀਆਂ ਹਨ। ਜਦੋਂ ਕਿ ਡੋਰ ਦੀ ਗੱਲ ਕਰੀਏ ਤਾਂ 16 ਤਾਰ ਵਾਲੀ ਡੋਰ ਦੀ ਮੰਗ ਸਭ ਤੋਂ ਵੱਧ ਹੈ। ਪਤੰਗਬਾਜ਼ੀ ਦੇ ਸ਼ੌਕੀਨ ਲੋਕ ਮਜ਼ਬੂਤ ਅਤੇ ਟਿਕਾਊ ਡੋਰ ਨੂੰ ਪ੍ਰਾਥਮਿਕਤਾ ਦੇ ਰਹੇ ਹਨ, ਤਾਂ ਜੋ ਪਤੰਗ ਉਡਾਉਣ ਦਾ ਆਨੰਦ ਦੁੱਗਣਾ ਹੋ ਸਕੇ।ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਬਸੰਤ ਪੰਚਮੀ ਸਿਰਫ ਇੱਕ ਤਿਉਹਾਰ ਨਹੀਂ, ਬਲਕਿ ਖੁਸ਼ੀਆਂ ਅਤੇ ਉੱਲਾਸ ਦਾ ਪ੍ਰਤੀਕ ਹੈ। ਇਸ ਦਿਨ ਪੂਰਾ ਸ਼ਹਿਰ ਪਤੰਗਾਂ ਨਾਲ ਭਰ ਜਾਂਦਾ ਹੈ ਅਤੇ ਛੱਤਾਂ ‘ਤੇ ਪਰਿਵਾਰ ਅਤੇ ਦੋਸਤ ਮਿਲ ਕੇ ਪਤੰਗਬਾਜ਼ੀ ਦਾ ਆਨੰਦ ਲੈਂਦੇ ਹਨ। ਪੀਲੇ ਰੰਗ ਦੇ ਕੱਪੜੇ, ਮਿੱਠੇ ਵਿਅੰਜਨ ਅਤੇ ਪਤੰਗਾਂ ਦੇ ਨਾਲ ਬਸੰਤ ਪੰਚਮੀ ਦਾ ਤਿਉਹਾਰ ਹੋਰ ਵੀ ਖ਼ਾਸ ਬਣ ਜਾਂਦਾ ਹੈ। ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਡੋਰ ਦਾ ਹੀ ਇਸਤੇਮਾਲ ਕਰਨ। ਪਤੰਗ ਵਿਕਰੇਤਾ ਹੈਪੀ ਨੇ ਦੱਸਿਆ ਕਿ ਬਸੰਤ ਪੰਚਮੀ ਉਨ੍ਹਾਂ ਲਈ ਸਭ ਤੋਂ ਵੱਡਾ ਸੀਜ਼ਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਤੇ ਪਤੰਗਾਂ ਦੀ ਵਿਕਰੀ ਕਈ ਗੁਣਾ ਵੱਧ ਜਾਂਦੀ ਹੈ। ਲੋਕ ਸਿਰਫ ਪਤੰਗਾਂ ਹੀ ਨਹੀਂ, ਬਲਕਿ ਵੱਖ-ਵੱਖ ਕਿਸਮ ਦੀਆਂ ਡੋਰਾਂ, ਮਾਂਝਾ ਅਤੇ ਹੋਰ ਸਮੱਗਰੀ ਵੀ ਖਰੀਦ ਰਹੇ ਹਨ। ਹੈਪੀ ਨੇ ਉਮੀਦ ਜਤਾਈ ਕਿ ਇਸ ਵਾਰ ਬਸੰਤ ਪੰਚਮੀ ‘ਤੇ ਕਾਰੋਬਾਰ ਚੰਗਾ ਰਹੇਗਾ।
ਹਾਲਾਂਕਿ ਹੈਪੀ ਨੇ ਲੋਕਾਂ ਨੂੰ ਇੱਕ ਮੁੱਖ ਅਪੀਲ ਵੀ ਕੀਤੀ ਕਿ ਪਲਾਸਟਿਕ ਦਾ ਇਸਤੇਮਾਲ ਬਿਲਕੁਲ ਨਾ ਕਰੋ। ਇਹ ਸਿਰਫ ਗੈਰਕਾਨੂੰਨੀ ਹੀ ਨਹੀਂ, ਬਲਕਿ ਬਹੁਤ ਖ਼ਤਰਨਾਕ ਵੀ ਹੈ। ਉਨ੍ਹਾਂ ਦੱਸਿਆ ਕਿ ਪਲਾਸਟਿਕ ਡੋਰ ਕਾਰਨ ਹਰ ਸਾਲ ਕਈ ਹਾਦਸੇ ਹੁੰਦੇ ਹਨ, ਜਿਨ੍ਹਾਂ ਵਿੱਚ ਲੋਕ ਜ਼ਖ਼ਮੀ ਹੋ ਜਾਂਦੇ ਹਨ ਅਤੇ ਕਈ ਵਾਰ ਜਾਨ ਵੀ ਜਾਂਦੀ ਹੈ। ਇਸ ਲਈ ਹਰ ਕਿਸੇ ਨੂੰ ਚਾਹੀਦਾ ਹੈ ਕਿ ਤਿਉਹਾਰ ਖੁਸ਼ੀ ਅਤੇ ਸੁਰੱਖਿਅਤ ਤਰੀਕੇ ਨਾਲ ਮਨਾਇਆ ਜਾਵੇ, ਨਾ ਕਿ ਲਾਪਰਵਾਹੀ ਕਰ ਕਿਸੇ ਦੀ ਜਾਨ ਨੂੰ ਖ਼ਤਰੇ ਵਿੱਚ ਪਾਇਆ ਜਾਵੇ।