ਕੈਮਿਸਟ ਐਸੋਸੀਏਸ਼ਨ ਵੱਲੋਂ ਐੱਸਐੱਸਪੀ ਡਾ. ਜੋਤੀ ਦਾ ਸਵਾਗਤ
ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਨੇ ਨਵ-ਨਿਯੁਕਤ ਐਸਐਸਪੀ ਡਾ. ਜੋਤੀ ਯਾਦਵ ਦਾ ਕੀਤਾ ਸਵਾਗਤ
Publish Date: Wed, 21 Jan 2026 05:39 PM (IST)
Updated Date: Thu, 22 Jan 2026 04:04 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਦਿ ਬਠਿੰਡਾ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ (ਟੀਬੀਡੀਸੀਏ) ਨੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਨਵਨਿਯੁਕਤ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਡਾ. ਜੋਤੀ ਯਾਦਵ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਐਸੋਸੀਏਸ਼ਨ ਦੇ ਵਫ਼ਦ ਨੇ ਐੱਸਐੱਸਪੀ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਹੋਲਸੇਲ ਦੇ ਸਾਬਕਾ ਪ੍ਰਧਾਨ ਦਰਸ਼ਨ ਜੌੜਾ, ਚੇਅਰਮੈਨ ਅੰਮ੍ਰਿਤ ਸਿੰਗਲਾ, ਉਪ ਪ੍ਰਧਾਨ ਗੁਰਪ੍ਰੀਤ ਅਰੋੜਾ, ਆਰਸੀਏ ਚੇਅਰਮੈਨ ਪ੍ਰੀਤਮ ਸਿੰਘ ਵਿਰਕ, ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਉਪ ਪ੍ਰਧਾਨ ਗੁਰਜਿੰਦਰ ਸਿੰਘ ਸਾਹਨੀ, ਸੁਰੇਸ਼ ਤਾਇਲ, ਕੈਸ਼ੀਅਰ ਪੋਰੇਂਦਰ ਸਿੰਗਲਾ ਤੇ ਸਕੱਤਰ ਰਾਜਕੁਮਾਰ ਸਿੰਗਲਾ ਮੌਜੂਦ ਸਨ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਐੱਸਐੱਸਪੀ ਡਾ. ਜੋਤੀ ਯਾਦਵ ਨੂੰ ਕੈਮਿਸਟ ਐਸੋਸੀਏਸ਼ਨ ਤੇ ਜ਼ਿਲ੍ਹੇ ਵਿਚ ਇਸਦੀਆਂ ਸਾਰੀਆਂ ਯੁਨਿਟਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਪੂਰੀ ਹਮਾਇਤ ਕਰਦੀ ਹੈ ਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। ਅਸ਼ੋਕ ਬਾਲਿਆਂਵਾਲੀ ਨੇ ਸਪੱਸ਼ਟ ਕੀਤਾ ਕਿ ਐਸੋਸੀਏਸ਼ਨ ਨਾਲ ਜੁੜੇ ਕਿਸੇ ਵੀ ਕੈਮਿਸਟ ਦੁਆਰਾ ਗੈਰ-ਕਾਨੂੰਨੀ ਵਪਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਕੈਮਿਸਟ ਕਿਸੇ ਵੀ ਗੈਰ-ਕਾਨੂੰਨੀ ਸਰਗਰਮੀ ’ਚ ਸ਼ਾਮਲ ਪਾਇਆ ਜਾਂਦਾ ਹੈ, ਤਾਂ ਐਸੋਸੀਏਸ਼ਨ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ ਤੇ ਉਨ੍ਹਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰੇਗੀ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਨੇ ਐਸਐਸਪੀ. ਨੂੰ ਚਾਈਨਾ ਡੋਰ ਦੀ ਵਿਕਰੀ 'ਤੇ ਸਖ਼ਤੀ ਨਾਲ ਪਾਬੰਦੀ ਲਗਾਉਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਅੰਤ ਵਿਚ ਅਸ਼ੋਕ ਬਾਲਿਆਂਵਾਲੀ ਨੇ ਉਮੀਦ ਪ੍ਰਗਟਾਈ ਕਿ ਐਸਐਸਪੀ ਡਾ. ਜੋਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਹੋਰ ਮਜ਼ਬੂਤ ਹੋਵੇਗੀ ਤੇ ਪੁਲਿਸ ਪ੍ਰਸ਼ਾਸਨ ਬਠਿੰਡਾ ਨੂੰ ਅਪਰਾਧ ਮੁਕਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ।