11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਟਰੱਸਟ ਵੱਲੋਂ ਮਦਦ ਭੇਟ
ਗਿਆਰਵੀ ਅਤੇ ਬਾਰਵੀ ਦੇ ਵਿਦਿਆਰਥੀਆਂ ਨੂੰ ਟਰੱਸਟ ਵੱਲੋਂ ਵਿੱਤੀ ਸਹਾਇਤਾ
Publish Date: Wed, 21 Jan 2026 05:01 PM (IST)
Updated Date: Thu, 22 Jan 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੁੱਚੋ ਮੰਡੀ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ (ਲੜਕੇ) ਵਿਚ ਮਦਨ ਗੋਪਾਲ ਮੈਂਗੀ ਮੈਮੋਰੀਅਲ ਟਰੱਸਟ ਵੱਲੋਂ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਸਰਾਹਣਯੋਗ ਉਪਰਾਲਾ ਕੀਤਾ ਗਿਆ। ਟਰੱਸਟ ਵੱਲੋਂ 11ਵੀਂ ਦੇ 10 ਟਾੱਪਰ ਵਿਦਿਆਰਥੀਆਂ ਦੀ ਲਗਭਗ 1100 ਰੁਪਏ ਪ੍ਰਤੀ ਵਿਦਿਆਰਥੀ ਤੇ 12ਵੀਂ ਦੀਆਂ 3 ਲੋੜਵੰਦ ਵਿਦਿਆਰਥਣਾਂ ਦੀ ਲਗਭਗ 3350 ਰੁਪਏ ਪ੍ਰਤੀ ਵਿਦਿਆਰਥਣ ਪੂਰੇ ਸਾਲ ਦੀ ਫੀਸ ਭਰੀ ਗਈ। ਸਕੂਲ ਪ੍ਰਬੰਧਨ ਨੇ ਦੱਸਿਆ ਕਿ ਮਦਨ ਗੋਪਾਲ ਮੈਂਗੀ ਨੇ 1960 ਦੇ ਦਹਾਕੇ ਦੌਰਾਨ ਭੁੱਚੋ ਮੰਡੀ ਇਲਾਕੇ ਵਿਚ ਬਤੌਰ ਪੋਸਟਮੈਨ ਸੇਵਾ ਨਿਭਾਈ। ਉਹ ਆਪਣੀ ਮਿਹਨਤ, ਲਗਨ ਅਤੇ ਇਮਾਨਦਾਰੀ ਲਈ ਪ੍ਰਸਿੱਧ ਸਨ। ਉਨ੍ਹਾਂ ਦੀ ਯਾਦ ’ਚ ਉਨ੍ਹਾਂ ਦੇ ਸਪੁੱਤਰ ਕੁਲਦੀਪ ਕੁਮਾਰ ਮੈਂਗੀ, ਚੀਫ ਫਾਰਮੇਸੀ ਅਫਸਰ (ਸੇਵਾਮੁਕਤ) ਤੇ ਡਾ. ਅਸ਼ੋਕ ਕੁਮਾਰ ਮੈਂਗੀ, ਨੈਸ਼ਨਲ ਮੈਨੇਜਰ, ਕਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਵੱਲੋਂ ਇਸ ਟਰੱਸਟ ਦੀ ਸਥਾਪਨਾ ਕੀਤੀ ਗਈ। ਟਰੱਸਟ ਦਾ ਮੁੱਖ ਮੰਤਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਦੇ ਹੋਣਹਾਰ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਉੱਚੀ ਸਿੱਖਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨਾ ਹੈ। ਜ਼ਿਕਰਯੋਗ ਹੈ ਕਿ ਕੁਲਦੀਪ ਕੁਮਾਰ ਮੈਂਗੀ ਖੁਦ ਵੀ ਇਸੇ ਸਕੂਲ ਦੇ ਪੁਰਾਣੇ ਵਿਦਿਆਰਥੀ ਰਹੇ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਦਕੇ ਉੱਚਾ ਮੁਕਾਮ ਹਾਸਲ ਕੀਤਾ। ਉਨ੍ਹਾਂ ਵੱਲੋਂ ਆਪਣੇ ਤੇ ਬਜ਼ੁਰਗ ਦੀ ਯਾਦ ’ਚ ਇਹ ਸੇਵਾ ਲਗਾਤਾਰ ਹਰ ਸਾਲ ਜਾਰੀ ਰੱਖੀ ਜਾਵੇਗੀ।