ਇੰਜੀਨੀਅਰ ਖੁਰਮੀ ਸਟੇਟ ਐਵਾਰਡ ਨਾਲ ਸਨਮਾਨਿਤ
ਇੰਜ. ਹਰਪਾਲ ਸਿੰਘ ਖੁਰਮੀ ਸਟੇਟ ਐਵਾਰਡ ਨਾਲ ਸਨਮਾਨਿਤ
Publish Date: Tue, 20 Jan 2026 06:54 PM (IST)
Updated Date: Wed, 21 Jan 2026 04:13 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਜ਼ੁਰਗਾਂ ਦੀ ਭਲਾਈ ਤੇ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਯੋਗਦਾਨ ਲਈ ਪੰਜਾਬ ਸਰਕਾਰ ਵੱਲੋਂ ਇੰਜੀਨੀਅਰ ਹਰਪਾਲ ਸਿੰਘ ਖੁਰਮੀ, ਪ੍ਰਧਾਨ ਸੀਨੀਅਰ ਸਿਟੀਜ਼ਨ ਕੌਂਸਲ ਬਠਿੰਡਾ ਨੂੰ ਰਾਜ ਪੱਧਰੀ ਸਮਾਗਮ ਦੌਰਾਨ ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਮਾਨ ਦੀ ਸਰਪ੍ਰਸਤੀ ਅਤੇ ਸੁਚੱਜੀ ਅਗਵਾਈ ਹੇਠ ਬਜ਼ੁਰਗਾਂ ਦੀ ਸੇਵਾ ਅਤੇ ਸਨਮਾਨ ਲਈ “ਵੱਧ ਸਟੇਟ ਐਕਸ਼ਨ ਪਲਾਨ 2025-26 ਫੇਜ਼-2” ਅਧੀਨ “ਸਾਡੇ ਬਜ਼ੁਰਗ ਸਾਡਾ ਮਾਣ” ਅਭਿਆਨ ਦੀ ਸ਼ੁਰੂਆਤ 16 ਜਨਵਰੀ ਨੂੰ ਕਿਸਾਨ ਵਿਕਾਸ ਕਲਕਤ ਭਵਨ, ਐੱਸਏਐੱਸ ਨਗਰ ਮੋਹਾਲੀ ਵਿਖੇ ਰਾਜ ਪੱਧਰੀ ਸਮਾਗਮ ਰਾਹੀਂ ਕੀਤੀ ਗਈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਮਾਜਿਕ ਸੁਰੱਖਿਆ, ਔਰਤਾਂ ਅਤੇ ਬੱਚਿਆਂ ਦੇ ਵਿਕਾਸ ਵਿਭਾਗ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਇੰਜ. ਹਰਪਾਲ ਸਿੰਘ ਖੁਰਮੀ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੇਰਾ ਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਹਾਜ਼ਰ ਰਹੇ। ਬਜ਼ੁਰਗਾਂ ਦੀ ਹੌਂਸਲਾ ਅਫ਼ਜ਼ਾਈ ਲਈ ਕਰਵਾਏ ਗਏ ਸਮਾਗਮ ਦੀ ਸਾਰੇ ਸੀਨੀਅਰ ਸਿਟੀਜ਼ਨਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਸਮਾਗਮ ਦੌਰਾਨ ਕੰਨ, ਨੱਕ ਤੇ ਗਲੇ, ਹੱਡੀਆਂ ਅਤੇ ਅੱਖਾਂ ਦੀ ਜਾਂਚ ਹੋਮਿਓਪੈਥੀ, ਆਯੁਰਵੈਦਿਕ ਅਤੇ ਐਲੋਪੈਥਿਕ ਵਿਧੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਕੀਤੀ ਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸਦੇ ਨਾਲ ਹੀ ਸੀਨੀਅਰ ਸਿਟੀਜ਼ਨ ਕਾਰਡ ਅਤੇ ਐਲੀਮਕੋ ਸ਼ਨਾਖ਼ਤੀ ਕਾਰਡ ਵੀ ਬਣਾਏ ਗਏ। ਸਮਾਗਮ ਵਿਚ ਬਜ਼ੁਰਗਾਂ ਵੱਲੋਂ ਮਲਵਈ ਭੰਗੜਾ ਪਾ ਕੇ ਖੁਸ਼ੀ ਪ੍ਰਗਟਾਈ। ਇਸ ਮੌਕੇ ਡਾ. ਬਲਜੀਤ ਕੌਰ ਨੇ ਦੱਸਿਆ ਕਿ ਅਜਿਹੇ ਜ਼ਿਲ੍ਹਾ ਪੱਧਰੀ ਸਮਾਗਮ 2 ਫਰਵਰੀ ਤੋਂ 18 ਫਰਵਰੀ ਤਕ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ 786 ਲੱਖ ਰੁਪਏ ਰਾਖਵੇਂ ਰੱਖੇ ਗਏ ਹਨ। ਸੀਨੀਅਰ ਸਿਟੀਜ਼ਨ ਕੌਂਸਲ ਬਠਿੰਡਾ ਦੇ ਮੈਂਬਰਾਂ ਵੱਲੋਂ ਇੰਜੀਨੀਅਰ ਹਰਪਾਲ ਸਿੰਘ ਖੁਰਮੀ (ਰਿਟਾਇਰਡ ਚੀਫ ਇੰਜਨੀਅਰ) ਦੀਆਂ ਸਮਾਜ ਪ੍ਰਤੀ ਲਗਾਤਾਰ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਸਟੇਟ ਐਵਾਰਡ ਦੇਣ ਲਈ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।